ਚੰਡੀਗੜ੍ਹ: ਪੰਜਾਬੀ ਫਿਲਮਾਂ ਨੂੰ ਕੰਟੈੈਂਟ ਪੱਖੋਂ ਅਲਹਦਾ ਅਤੇ ਉਮਦਾ ਮੁਹਾਂਦਰਾ ਦੇਣ ਵਿਚ ਜੁਟੇ ਬੇਹਤਰੀਨ ਫਿਲਮਕਾਰ ਭਗਵੰਤ ਸਿੰਘ ਕੰਗ ਵੱਲੋਂ ਨਿਰਦੇਸ਼ਿਤ ਕੀਤੀ ਗਈ ਪੰਜਾਬੀ ਲਘੂ ਫਿਲਮ ‘ਤੀਵੀਆਂ’ ਦਾ ਫਸਟ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦਾ ਟ੍ਰੇਲਰ ਅੱਜ ਹੀ ਰਿਲੀਜ਼ ਹੋਣ ਜਾ ਰਿਹਾ ਹੈ।
ਸੋਹਲ ਰੇਖਾ ਸ਼ਮੀਰ ਸਿੰਘ ਸੋਹਲ ਕੋਰਡਜ਼ ਅਤੇ ਕੁਲਜੀਤ ਸਿੰਘ ਖਾਲਸਾ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਲਘੂ ਪੰਜਾਬੀ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਮਾਲਵਾ ਖਿੱਤੇ ਵਿਚ ਸੰਪੂਰਨ ਕੀਤੀ ਗਈ ਹੈ। ਵੋਮੇੈਂਨਜ਼ ਅੋਰੀਐਂਟਡ ਕਹਾਣੀ ਆਧਾਰਿਤ ਇਸ ਲਘੂ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਫਿਲਮ ਦੇ ਨਿਰਦੇਸ਼ਕ ਭਗਵੰਤ ਕੰਗ ਨੇ ਦੱਸਿਆ ਕਿ ਪੰਜਾਬੀ ਦੇ ਸੁਪ੍ਰਸਿੱਧ ਨਾਵਲਕਾਰ ਪ੍ਰਗਟ ਸਿੰਘ ਸਤੌਜ ਦੇ ਬਹੁ-ਚਰਚਿਤ ਨਾਵਲ ‘ਤੀਵੀਆਂ’ 'ਤੇ ਆਧਾਰਿਤ ਹੈ ਇਹ ਪ੍ਰੋਜੈਕਟ, ਜਿਸ ਦੀ ਕਹਾਣੀ ਬਹੁਤ ਹੀ ਭਾਵਪੂਰਨ ਅਤੇ ਆਧੁਨਿਕਤਾ ਦਾ ਦਮ ਭਰਦੇ ਅਜੋਕੇ ਸਮਾਜ ਵਿਚ ਅਜੇ ਵੀ ਔਰਤਾਂ ਨੂੰ ਕੀਤੇ ਜਾ ਰਹੇ ਅਣਗੋਲਿਆਂ ਪੱਖਾਂ ਨੂੰ ਪ੍ਰਤੀਬਿੰਬ ਕਰੇਗੀ।
ਉਨਾਂ ਦੱਸਿਆ ਕਿ ਫਿਲਮ ਵਿਚ ਫਿਲਮਾਂ ਅਤੇ ਥੀਏਟਰਜ਼ ਨਾਲ ਜੁੜੇ ਕਈ ਨਾਮਵਰ ਅਤੇ ਪ੍ਰਤਿਭਾਵਾਨ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਵਿਚ ਦਿਲਾਵਰ ਸਿੱਧੂ, ਦਰਸ਼ਨ ਘਾਰੂ, ਅੰਮ੍ਰਿਤਪਾਲ ਸਿੰਘ ਬਿੱਲਾ, ਜੱਸ ਬੋਪਾਰਾਏ, ਮੋਹਨ ਕੰਬੋਜ਼, ਹਰਮੀਤ ਜੱਸੀ, ਪਰਮ ਗਰੇਵਾਲ, ਐਰੀ ਝਿੰਜਰ, ਅਸ਼ੋਕ ਸ਼ਾਨ, ਕੁਲਦੀਪ ਪਟਿਆਲਾ ਆਦਿ ਸ਼ੁਮਾਰ ਹਨ।
ਉਨ੍ਹਾਂ ਦੱਸਿਆ ਕਿ ਫਿਲਮ ਦਾ ਟ੍ਰੇਲਰ ਅੱਜ ਵੱਖ-ਵੱਖ ਪਲੇਟਫ਼ਾਰਮਜ਼ 'ਤੇ ਜਾਰੀ ਕਰ ਦਿੱਤਾ ਜਾਵੇਗਾ, ਜਦਕਿ ਇਸ ਫਿਲਮ ਨੂੰ 1 ਸਤੰਬਰ ਨੂੰ ਦਰਸ਼ਕ ਵੇਖ ਸਕਣਗੇ। 'ਐਸ.ਆਰ ਫ਼ਿਲਮਜ਼' ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਅਤੇ ਡਾਇਲਾਗ ਲੇਖਣ ਪਰਗਟ ਸਿੰਘ ਸਤੌਜ ਦੁਆਰਾ ਕੀਤਾ ਗਿਆ ਹੈ, ਕ੍ਰਿਏਟਿਵ ਨਿਰਦੇਸ਼ਕ ਭਿੰਦਾ ਸਿੱਧੂ, ਕੈਮਰਾਮੈਨ ਦੇਵੀ ਦਿਆਲ, ਦੀਪਕ ਕੌਸ਼ਿਕ, ਐਡੀਟਰ ਆਰ ਰਾਮਪਾਲ, ਕਾਰਜਕਾਰੀ ਨਿਰਮਾਤਾ ਆਊਟਲਾਈਨ ਮੀਡੀਆ ਨੈੱਟ, ਸੰਗੀਤਕਾਰ ਫ਼ੋਕ ਸਟਾਈਲ ਅਤੇ ਪਿੱਠਵਰਤੀ ਗਾਇਕ ਪ੍ਰੀਤ ਕਾਕਰੋਂ, ਲਵ ਗਿੱਲ ਹਨ।
ਪੰਜਾਬੀ ਮੰਨੋਰੰਜਨ ਉਦਯੋਗ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਮਿਆਰੀ ਅਤੇ ਸੰਦੇਸ਼ਮਕ ਪ੍ਰੋਜੈਕਟਸ਼ ਨੂੰ ਸਾਹਮਣੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਨਿਰਦੇਸ਼ਕ ਭਗਵੰਤ ਸਿੰਘ ਕੰਗ ਦੇ ਬਤੌਰ ਫ਼ਿਲਮਕਾਰ ਹਾਲੀਆ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਵੱਲੋਂ ਨਿਰਦੇਸ਼ਕ ਦੇ ਰੂਪ ਵਿਚ ਬਣਾਈਆਂ ਜਾ ਚੁੱਕੀਆਂ ਫਿਲਮਾਂ ਵਿਚ ਵੈੱਬ ਸੀਰੀਜ਼ 'ਤੇਜ਼ਾ ਨਗੌਰੀ' ਤੋਂ ਇਲਾਵਾ ‘ਚਗ਼ਲ’, ‘ਪਾਪ ਦੀ ਪੰਡ’, ‘ਹੋਰ ਕੀ ਕਰੀਏ’, ‘ਸ਼ਾਇਦ ਦਿਨ ਚੜ੍ਹ ਜਾਂਦਾ’, ‘ਨਜ਼ਰਾਂ’, ‘ਲਵ ਗੇਮਜ਼’, ‘ਉਦਾਸ ਪਿੰਡ’, ‘ਜੰਗਲ ਦੀ ਅੱਗ’ ਆਦਿ ਸ਼ਾਮਿਲ ਰਹੀਆਂ ਹਨ।
ਪੰਜਾਬੀ ਦੇ ਪ੍ਰਸਿੱਧ ਨਾਵਲਕਾਰਾਂ ਵੱਲੋਂ ਲਿਖੀਆਂ ਸੰਦੇਸ਼ਮਕ ਅਤੇ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਅਤੇ ਨਵੇ ਚਿਹਰਿਆਂ ਨੂੰ ਆਪਣੀਆਂ ਲਘੂ ਫ਼ਿਲਮਜ਼ ਵਿਚ ਲਗਾਤਾਰ ਤਰਜ਼ੀਹ ਦੇ ਰਹੇ ਇਸ ਹੋਣਹਾਰ ਨਿਰਦੇਸ਼ਕ ਨੇ ਦੱਸਿਆ ਕਿ ਫਿਲਮਕਾਰ ਦੇ ਤੌਰ 'ਤੇ ਲੀਕ ਤੋਂ ਹੱਟ ਕੇ ਕੰਮ ਕਰਨਾ ਉਨਾਂ ਦੀ ਹਮੇਸ਼ਾ ਵਿਸ਼ੇਸ਼ ਪਹਿਲਕਦਮੀ ਰਹੀ ਅਤੇ ਅਗਾਂਹ ਵੀ ਉਹ ਇਸੇ ਦਿਸ਼ਾ ਵਿਚ ਆਪਣੀਆਂ ਨਿਰਦੇਸ਼ਨ ਜਿੰਮੇਵਾਰੀਆਂ ਨੂੰ ਅੰਜ਼ਾਮ ਦਿੰਦੇ ਰਹਿਣਗੇ।