ਚੰਡੀਗੜ੍ਹ: ਕਾਰਟੂਨ ਫਿਲਮਾਂ ਦੀ ਦੁਨੀਆਂ ਵਿੱਚ ਵੱਡੇ ਅਤੇ ਸਫਲ ਨਾਂਅ ਵਜੋਂ ਜਾਣੇ ਜਾਂਦੇ ਹਨ ਨਿਰਦੇਸ਼ਕ ਹਰਵਿੰਦਰ ਮਾਨਕਰ, ਜਿੰਨਾਂ ਵੱਲੋਂ ਰਚੀ ਅਤੇ ਨਿਰਦੇਸ਼ਿਤ ਕੀਤੀ 'ਮੋਟੂ ਪਤਲੂ' ਸੀਰੀਜ਼ ਦੁਨੀਆ ਭਰ ਵਿੱਚ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਕਾਮਯਾਬ ਰਹੀ ਹੈ।
ਮੂਲ ਰੂਪ ਵਿੱਚ ਦਿੱਲੀ ਨਾਲ ਸੰਬੰਧਤ ਇਹ ਅਜ਼ੀਮ ਨਿਰਦੇਸ਼ਕ ਪੰਜਾਬੀ ਸਿਨੇਮਾ ਖੇਤਰ ਤੋਂ ਲੈ ਕੇ ਬਾਲੀਵੁੱਡ ਗਲਿਆਰਿਆਂ ਤੱਕ ਆਪਣੀ ਚੌਖੀ ਭੱਲ ਸਥਾਪਿਤ ਕਰਨ ਦਾ ਮਾਣ ਵੀ ਅਪਣੀ ਝੋਲੀ ਪਾ ਚੁੱਕੇ ਹਨ, ਜੋ ਆਪਣੇ ਸਿਰਜਨਾਤਮਕ ਯਤਨਾਂ ਦੀ ਲੜੀ ਵਜੋਂ ਹੀ ਸਾਹਮਣੇ ਲਿਆਉਣ ਜਾ ਰਹੇ ਹਨ ਨਵੀਂ ਲਘੂ ਫਿਲਮ 'ਦਿਲ ਤਨਹਾ', ਜੋ ਜਲਦ ਸ਼ੂਟਿੰਗ ਆਗਾਜ਼ ਵੱਲ ਵਧਣ ਜਾ ਰਹੀ ਹੈ।
'ਪੋਪਕੋਰਨ ਫਲਿਕਸ ਐਂਡ ਸਕ੍ਰਿਪਟ ਡਰੋਪ' ਦੇ ਬੈਨਰ ਹੇਠ ਬਣਾਈ ਜਾ ਰਹੀ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਹਰਵਿੰਦਰ ਮਾਨਕਰ ਕਰਨਗੇ, ਜੋ ਇਸ ਤੋਂ ਪਹਿਲਾਂ ਵੀ ਕਈ ਅਰਥ-ਭਰਪੂਰ ਲਘੂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨਾਂ ਵਿੱਚ ਅੰਤਰਰਾਸ਼ਟਰੀ ਪੱਧਰ ਉੱਪਰ ਪ੍ਰਸ਼ੰਸਾ ਹਾਸਿਲ ਕਰ ਚੁੱਕੀ 'ਹੇਅਰ ਇਜ਼ ਫੀਲਿੰਗ' ਵੀ ਸ਼ੁਮਾਰ ਰਹੀ ਹੈ, ਜਿਸ ਤੋਂ ਇਲਾਵਾ ਇਹ ਬਹੁਤ ਹੀ ਪ੍ਰਤਿਭਾਸ਼ਾਲੀ ਕਾਰਟੂਨਿਸਟ, ਲੇਖਕ 800 ਤੋਂ ਵੱਧ ਐਡ ਫਿਲਮਾਂ, ਲਾਈਵ ਸ਼ੋਅ, ਟੀ.ਵੀ ਸ਼ੋਅ ਅਤੇ ਐਨੀਮੇਸ਼ਨ ਫਿਲਮਾਂ ਨਾਲ ਵੀ ਬਤੌਰ ਨਿਰਦੇਸ਼ਕ ਜੁੜੇ ਰਹੇ ਹਨ, ਜਿੰਨਾਂ ਦਾ ਪ੍ਰਸਾਰਨ ਦੂਰਦਰਸ਼ਨ, ਐਮਟੀਵੀ, ਸੋਨੀ ਟੀਵੀ, ਡਿਸਕਵਰੀ ਚੈਨਲ, ਲਿਸ਼ਕਾਰਾ ਟੀਵੀ, ਈਟੀਸੀ ਪੰਜਾਬੀ, ਜੀ ਪੰਜਾਬੀ ਆਦਿ 'ਤੇ ਹੋ ਚੁੱਕਾ ਹੈ।
ਇੰਨਾਂ ਦੇ ਨਾਲ ਹੀ ਉਨਾਂ ਦੀ ਕਾਮਿਕ ਲੜੀ ਦੇ ਕਿਰਦਾਰ 'ਮੋਟੂ ਪਤਲੂ' ਮਸ਼ਹੂਰ ਲੋਟ ਪੋਟ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਏ ਹਨ, ਜਿੰਨਾਂ ਨੇ ਉਨਾਂ ਦੇ ਸਤਿਕਾਰ ਨੂੰ ਸਿਨੇਮਾ ਜਗਤ ਵਿੱਚ ਵਧਾਉਣ ਅਤੇ ਉਨਾਂ ਦੀ ਪਹਿਚਾਣ ਅਤੇ ਪ੍ਰਸ਼ੰਸਕ-ਦਰਸ਼ਕ ਘੇਰਾ ਪੜਾਅ-ਦਰ-ਪੜਾਅ ਹੋਰ ਵਿਸ਼ਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਦੇਸ਼-ਵਿਦੇਸ਼ ਵਿੱਚ ਮਹਿਮਾ ਚੌਧਰੀ ਆਦਿ ਸਮੇਤ ਸੰਪੰਨ ਹੋਏ ਕਈ ਮੇਘਾ ਇੰਟਰਟੇਨਮੈਂਟ ਸੋਅਜ਼ ਦੀ ਮੇਜ਼ਬਾਨੀ ਵੀ ਕਰ ਚੁੱਕੇ ਇਸ ਬਿਹਤਰੀਨ ਫਿਲਮਕਾਰ, ਕਾਰਟੂਨਿਸਟ ਨੇ ਅਪਣੀ ਉਕਤ ਲਘੂ ਫਿਲਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੀ ਇਹ ਫਿਲਮ ਬਹੁਤ ਹੀ ਅਲਹਦਾ ਅਤੇ ਮਨ ਨੂੰ ਛੂਹ ਜਾਣ ਵਾਲੀ ਸਟੋਰੀ ਅਤੇ ਸਕਰੀਨ ਪਲੇਅ ਉਤੇ ਅਧਾਰਿਤ ਹੈ, ਜਿਸ ਵਿੱਚ ਟੁੱਟਦੇ ਅਤੇ ਜੁੜਦੇ ਰਿਸ਼ਤਿਆਂ ਨੂੰ ਬਹੁਤ ਹੀ ਖੂਬਸੂਰਤੀ ਅਤੇ ਭਾਵਨਾਤਮਕਤਾ ਨਾਲ ਪ੍ਰਤੀਬਿੰਬ ਕੀਤਾ ਜਾਵੇਗਾ। ਉਨਾਂ ਨੇ ਦੱਸਿਆ ਕਿ ਬੇਹੱਦ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਾਈ ਜਾਣ ਵਾਲੀ ਇਸ ਪ੍ਰਭਾਵੀ ਲਘੂ ਹਿੰਦੀ ਫਿਲਮ ਦੇ ਅਹਿਮ ਪਹਿਲੂਆਂ ਬਾਰੇ ਰਸਮੀ ਐਲਾਨ ਜਲਦ ਕੀਤਾ ਜਾਵੇਗਾ।