ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸੀਬਤਾਂ ਵੱਧ ਦੀਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਮੁਲਜ਼ਮ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਪੂਰਕ ਚਾਰਜਸ਼ੀਟ ਵਿੱਚ ਅਦਾਕਾਰਾ ਦਾ ਨਾਂ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਕਾਰਾ ਨੂੰ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨਾਲ ਸੰਬੰਧਤ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ਵਿੱਚ ਨਾਂ ਪਾਇਆ ਹੈ।
ਜੈਕਲੀਨ ਫਰਨਾਂਡੀਜ਼ ਉਤੇ ਲੱਗਿਆ ਇਲਜ਼ਾਮ: ਮੀਡੀਆ ਰਿਪੋਰਟਾਂ ਮੁਤਾਬਕ ਈਡੀ ਨੇ ਜੈਕਲੀਨ ਬਾਰੇ ਕਿਹਾ ਹੈ ਕਿ ਉਸ ਨੂੰ ਪਤਾ ਸੀ ਕਿ ਸੁਕੇਸ਼ ਇੱਕ ਠੱਗ ਹੈ ਅਤੇ ਉਹ ਇੱਕ ਔਰਤ ਤੋਂ ਜ਼ਬਰੀ ਵਸੂਲੀ ਕਰਦਾ ਹੈ। ਦੱਸ ਦਈਏ ਕਿ ਜੈਕਲੀਨ ਲੰਬੇ ਸਮੇਂ ਤੋਂ 200 ਕਰੋੜ ਰੁਪਏ ਦੇ ਇਸ ਮਾਮਲੇ ਵਿੱਚ ਫਸੀ ਹੋਈ ਹੈ। ਈਡੀ ਲਗਾਤਾਰ ਅਦਾਕਾਰਾ ਨੂੰ ਸੰਮਨ ਕਰਦਾ ਹੈ ਅਤੇ ਵਾਰ ਵਾਰ ਪੁੱਛਗਿੱਛ ਲਈ ਰਾਜਧਾਨੀ ਦਿੱਲੀ ਬੁਲਾਉਂਦਾ ਰਹਿੰਦਾ ਹੈ।
ਈਡੀ ਮੁਤਾਬਕ ਸੁਕੇਸ਼ ਨੇ ਜੈਕਲੀਨ ਨੂੰ ਕਰੋੜਾਂ ਰੁਪਏ ਦੇ ਮਹਿੰਗੇ ਤੋਹਫ਼ੇ ਦਿੱਤੇ ਸਨ। ਇਸ ਮਾਮਲੇ ਵਿੱਚ ਈਡੀ ਨੇ ਅਦਾਕਾਰਾ ਦੀ 7 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕਰ ਲਈ ਹੈ। ਇੰਨਾ ਹੀ ਨਹੀਂ ਈਡੀ ਮੁਤਾਬਕ ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ 1.32 ਅਤੇ 15 ਲੱਖ ਦੇ ਫੰਡ ਸਮੇਤ ਮਹਿੰਗੇ ਤੋਹਫੇ ਵੀ ਦਿੱਤੇ ਸਨ। ਇਸ ਤੋਂ ਇਲਾਵਾ ਸੁਕੇਸ਼ ਕਈ ਵਾਰ ਜੈਕਲੀਨ ਨੂੰ ਕੀਮਤੀ ਤੋਹਫੇ ਵੀ ਦੇ ਚੁੱਕੇ ਹਨ।
ਕੀ ਹੈ ਪੂਰਾ ਮਾਮਲਾ: ਦੱਸ ਦਈਏ ਕਿ ਸੁਕੇਸ਼ ਚੰਦਰਸ਼ੇਖਰ ਨੇ ਦਿੱਲੀ ਦੀ ਤਿਹਾੜ ਜੇਲ ਵਿੱਚ ਇਕ ਔਰਤ ਨਾਲ 200 ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਇਸ ਤੋਂ ਬਾਅਦ ਸੁਕੇਸ਼ ਨੇ ਇਸ ਲੁੱਟੀ ਹੋਈ ਦੌਲਤ ਵਿਚੋਂ ਜੈਕਲੀਨ ਨੂੰ 52 ਲੱਖ ਦੇ ਵਿਦੇਸ਼ੀ ਘੋੜੇ ਸਮੇਤ ਮਹਿੰਗੇ ਤੋਂ ਮਹਿੰਗੇ ਤੋਹਫੇ ਦੇਣੇ ਸ਼ੁਰੂ ਕਰ ਦਿੱਤੇ।
ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ਵਿੱਚ ਸਾਊਥ ਸੁਪਰਸਟਾਰ ਕਿਚਾ ਸੁਦੀਪ ਦੀ ਫਿਲਮ ‘ਵਿਕਰਾਂਤ ਰੋਨਾ’ ਵਿੱਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਅਦਾਕਾਰਾ ਅਕਸ਼ੈ ਕੁਮਾਰ ਦੇ ਨਾਲ ਬਾਲੀਵੁੱਡ ਫਿਲਮ ਬੱਚਨ ਪਾਂਡੇ ਵਿੱਚ ਨਜ਼ਰ ਆਈ ਸੀ।
ਇਹ ਵੀ ਪੜ੍ਹੋ: ਫਿਲਮ 83 ਲਈ Iifm 2022 ਵਿੱਚ ਸਰਵੋਤਮ ਅਦਾਕਾਰ ਦਾ ਐਵਾਰਡ ਰਣਵੀਰ ਸਿੰਘ ਨੂੰ ਮਿਲਿਆ