ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਦਿੱਗਜ ਨਿਰਦੇਸ਼ਕਾਂ ਵਿਚ ਸ਼ੁਮਾਰ ਕਰਵਾਉਂਦੇ ਅਸ਼ੋਕ ਤਿਆਗੀ ਲੰਮੇਂ ਵਕਫ਼ੇ ਬਾਅਦ ਆਪਣੀ ਨਵੀਂ ਫਿਲਮ ‘ਫ਼ਾਇਰ ਆਫ਼ ਲਵ ਰੈੱਡ’ ਨਾਲ ਬਾਲੀਵੁੱਡ ’ਚ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਸਫ਼ਲ ਅਤੇ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਸਾਲ 1985 ਵਿਚ ਰਿਲੀਜ਼ ਹੋਈ ਫਿਲਮ 'ਸੁਰਖ਼ੀਆਂ' ਅਤੇ 2002 ਵਿਚ ਆਈ 'ਭਾਰਤ ਭਾਗਿਆ ਵਿਧਾਤਾ' ਆਦਿ ਦਾ ਨਿਰਦੇਸ਼ਨ ਕਰ ਚੁੱਕੇ ਅਸ਼ੋਕ ਤਿਆਗੀ ਦੱਸਦੇ ਹਨ ਕਿ ਉਨਾਂ ਨੇ ਆਪਣਾ ਕਰੀਅਰ ਬਤੌਰ ਸਹਾਇਕ ਨਿਰਦੇਸ਼ਕ ਦੁਆਰਾ ਸ਼ੁਰੂ ਕੀਤਾ, ਜਿਸ ਦੌਰਾਨ ਉਨ੍ਹਾਂ ਮਾਇਆਨਗਰੀ ਮੁੰਬਈ ਦੇ ਕਈ ਨਾਮਵਰ ਨਿਰਦੇਸ਼ਕਾਂ ਨਾਲ ਫਿਲਮਾਂ ਕਰਨ ਦਾ ਮਾਣ ਹਾਸਿਲ ਕੀਤਾ।
ਸਾਲ 2014 ’ਚ ਰਿਆਸਤ ਨਾਲ ਅਜ਼ਾਦ ਨਿਰਦੇਸ਼ਕ ਦੇ ਤੌਰ 'ਤੇ ਆਪਣੀ ਫਿਲਮੀ ਪਾਰੀ ਦਾ ਆਗਾਜ਼ ਕਰਨ ਵਾਲੇ ਇਹ ਮੰਝੇ ਹੋਏ ਨਿਰਦੇਸ਼ਕ ‘ਕਾਸ਼ ਤੁਮਸੇ ਮੁਹੱਬਤ ਨਾ ਹੋਤੀ’, ‘ਰਿਟਰਨ ਆਫ਼ ਜਵਿਲ ਥੀਲ’, ‘ਅੰਧੇਰ ਗਰਦੀ’ ਨਾਲ ਵੀ ਗਲੈਮਰ ਦੀ ਦੁਨੀਆਂ ਵਿਚ ਆਪਣੀ ਅਲਹਦਾ ਪਹਿਚਾਣ ਬਣਾਉਣ ਵਿਚ ਕਾਮਯਾਬ ਰਹੇ ਹਨ।
ਉਨ੍ਹਾਂ ਆਪਣੀ ਉਕਤ ਨਵੀਂ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜੀਵ ਚੌਧਰੀ, ਜਗਨਨਾਥ ਵਾਘਮਾਰੇ, ਰੇਖਾ ਸੁਰਿੰਦਰ ਜਗਤਾਪ ਵੱਲੋਂ ਨਿਰਮਿਤ ਕੀਤੀ ਜਾ ਰਹੀ ਅਤੇ ‘ਅਵੰਤਿਕਾ ਦਾਤਾਰੇ ਅਤੇ ਅਵੰਤਿਕਾ ਏਪੀ ਆਰਟਸ਼’ ਦੇ ਬੈਨਰਜ਼ ਹੇਠ ਬਣੀ ਇਸ ਫਿਲਮ ਵਿਚ ਕ੍ਰਿਸ਼ਨਾਂ ਅਭਿਸ਼ੇਕ ਅਤੇ ਪਾਇਲ ਘੋਸ਼ ਲੀਡ ਭੂਮਿਕਾਵਾਂ ਨਿਭਾ ਰਹੇ ਹਨ, ਜਿੰਨ੍ਹਾਂ ਨਾਲ ਅਰੁਣ ਬਖ਼ਸ਼ੀ, ਸ਼ਸ਼ੀ ਸ਼ਰਮਾ, ਭਾਰਤ ਦਾਬਲੋਕਰ, ਸ਼ਾਤਨੂੰ ਬਾਮਰੇ ਆਦਿ ਮੰਨੇ ਪ੍ਰਮੰਨੇ ਐਕਟਰਜ਼ ਵੀ ਅਹਿਮ ਕਿਰਦਾਰਾਂ ਵਿਚ ਵਿਖਾਈ ਦੇਣਗੇ।
ਉਨ੍ਹਾਂ ਦੱਸਿਆ ਕਿ ਮੁੰਬਈ, ਗੋਆ, ਐਸ.ਜੇ ਸਟੂਡਿਓ ਵਿਖੇ ਸ਼ੂਟ ਕੀਤੀ ਗਈ ਇਹ ਫਿਲਮ ਇਕ ਕ੍ਰਾਈਮ-ਥ੍ਰਿਲਰ-ਡਰਾਮਾ ਸਟੋਰੀ ਆਧਾਰਿਤ ਹੈ, ਜਿਸ ਵਿਚ ਕ੍ਰਿਸ਼ਨਾਂ ਅਭਿਸ਼ੇਕ ਪਹਿਲੀ ਵਾਰ ਆਪਣੀ ਕਾਮੇਡੀ ਇਮੇਜ਼ ਤੋਂ ਇਕਦਮ ਹੱਟ ਕੇ ਅਤੇ ਇਕ ਸਾਈਕੋ ਕਿਲਰ ਦੇ ਕਿਰਦਾਰ ਵਿਚ ਹਨ। ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦੇ ਗੀਤ, ਸੰਗੀਤ ਪੱਖ 'ਤੇ ਵੀ ਕਾਫ਼ੀ ਮਿਹਨਤ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਹੀ ਜੀ ਮਿਊਜ਼ਿਕ ਦੁਆਰਾ ਜਾਰੀ ਕਰ ਦਿੱਤੇ ਗਏ ਇਸ ਫਿਲਮ ਦੇ ਮੋਲੋਡੀ ਭਰਪੂਰ ਗਾਣਿਆਂ ਨੂੰ ਕਾਫ਼ੀ ਮਕਬੂਲੀਅਤ ਮਿਲ ਰਹੀ ਹੈ।
ਮੇਨ ਸਟਰੀਮ ਦੀ ਬਜਾਏ ਆਫ਼ ਬੀਟ ਫਿਲਮਾਂ ਬਣਾਉਣਾ ਜਿਆਦਾ ਪਸੰਦ ਕਰਦੇ ਰਹੇ ਨਿਰਦੇਸ਼ਕ ਅਸ਼ੋਕ ਤਿਆਗੀ ਪਹਿਲੀ ਵਾਰ ਕਮਰਸ਼ਿਅਲ ਸਿਨੇਮਾ ਵਿਚ ਪੈਰ ਧਰਾਈ ਕਰਦਿਆਂ ਥ੍ਰਿਲਰ ਭਰਪੂਰ ਫਿਲਮ ਲੈ ਕੇ ਸਾਹਮਣੇ ਆ ਰਹੇ ਹਨ, ਜਿਸ ਪਿੱਛੇ ਬਦਲੇ ਸਿਨੇਮਾ ਸਿਰਜਨਾ ਟਰੈਕ ਸੰਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਦੱਸਿਆ ‘‘ਇਹ ਬਿਲਕੁਲ ਸਹੀ ਹੈ ਕਿ ਇਸ ਤਰ੍ਹਾਂ ਦੇ ਕਹਾਣੀਸਾਰ ਵਾਲੀ ਫਿਲਮ ਪਹਿਲਾਂ ਨਿਰਦੇਸ਼ਿਤ ਨਹੀਂ ਕੀਤੀ ਅਤੇ ਕੇਵਲ ਪਰਿਵਾਰਿਕ ਅਤੇ ਰਿਸ਼ਤਿਆਂ ਦੀ ਵੱਖੋ-ਵੱਖਰੀ ਤਰਜ਼ਮਾਨੀ ਕਰਦੀਆਂ ਫਿਲਮਾਂ ਹੀ ਬਣਾਈਆਂ ਹਨ। ਪਰ ਹੁਣ ਐਕਸਪੈਰੀਮੈਂਟਲ ਸਿਨੇਮਾ ਦੇ ਨਿਰਦੇਸ਼ਨ ਵੱਲ ਪੂਰਾ ਧਿਆਨ ਕੇਂਦਰਿਤ ਕਰਨ ਦੀ ਪਹਿਲਕਦਮੀ ਕਰਨ ਦੀ ਕੋਸ਼ਿਸ਼ ਕਰਾਂਗਾ, ਜਿਸ ਦੀ ਪਹਿਲੀ ਕੜ੍ਹੀ ਵਜੋਂ ਹੀ ਦਰਸ਼ਕਾਂ ਸਨਮੁੱਖ ਕਰ ਰਿਹਾ ਹਾਂ ਇਹ ਸਾਈਕੋ ਡਰਾਮਾ ਫਿਲਮ, ਜੋ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਫਿਲਮ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਜਲਦ ਹੀ ਇਸ ਦੀ ਰਿਲੀਜ਼ ਮਿਤੀ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ।