ਚੰਡੀਗੜ੍ਹ: ਸ਼ਾਹਿਦ ਮਾਲਿਆ ਨੇ ਜਦੋਂ ਤੋਂ 2011 ਦੀ ਫਿਲਮ 'ਯਮਲਾ ਪਗਲਾ ਦੀਵਾਨਾ' ਵਿੱਚ "ਗੁਰਬਾਣੀ" ਗਾਇਆ ਹੈ, ਉਦੋਂ ਤੋਂ ਹੀ ਬਾਲੀਵੁੱਡ ਦਾ ਹਿੱਸਾ ਹੈ, ਹਾਲਾਂਕਿ ਪੰਜ ਸਾਲ ਬਾਅਦ ਦਰਸ਼ਕਾਂ ਨੂੰ ਪਤਾ ਲੱਗ ਗਿਆ ਕਿ ਸ਼ਾਹਿਦ ਮਾਲਿਆ ਕੌਣ ਹੈ। ਜੀ ਹਾਂ...ਹਿੰਦੀ ਸਿਨੇਮਾ ਦੇ ਉੱਚਕੋਟੀ ਪਲੇਬੈਕ ਗਾਇਕ ਵਜੋਂ ਪ੍ਰਸਿੱਧੀ ਹਾਸਿਲ ਕਰਨ ਵਾਲੇ ਅਤੇ ਕਈ ਕਾਮਯਾਬ ਗੀਤ ਸੰਗੀਤ ਮਾਰਕੀਟ ਵਿਚ ਦੇਣ ਦਾ ਮਾਣ ਹਾਸਿਲ ਕਰ ਚੁੱਕੇ ਸ਼ਾਹਿਦ ਮਾਲਿਆ ਹੁਣ ਬਤੌਰ ਅਦਾਕਾਰ ਪੰਜਾਬੀ ਸਿਨੇਮਾ ਵਿੱਚ ਡੈਬਿਊ ਲਈ ਤਿਆਰ ਹਨ। ਜੋ ਸ਼ੁਰੂ ਹੋਣ ਜਾ ਰਹੀ ਅਨਟਾਈਟਲ ਪੰਜਾਬੀ ਫਿਲਮ 'ਚ ਲੀਡ ਰੋਲ ਨਿਭਾਉਂਦੇ ਨਜ਼ਰ ਆਉਣਗੇ।
ਪੰਜਾਬ ਦੇ ਧਾਰਮਿਕ ਅਤੇ ਇਤਿਹਾਸਿਕ ਸ਼ਹਿਰ ਆਨੰਦਪੁਰ ਸਾਹਿਬ ਅਤੇ ਇਸ ਦੇ ਆਸ ਪਾਸ ਫ਼ਿਲਮਾਈ ਜਾਣ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਅਸ਼ੋਕ ਪੰਜਾਬੀ ਕਰਨਗੇ, ਜੋ ਗੀਤਕਾਰ, ਮਿਊਜ਼ਿਕ ਅਰੇਜ਼ਰ ਦੇ ਤੌਰ 'ਤੇ ਬਾਲੀਵੁੱਡ ’ਚ ਖੁਦ ਇਕ ਸਥਾਪਿਤ ਨਾਂਅ ਬਣ ਚੁੱਕੇ ਹਨ। ਉਕਤ ਫ਼ਿਲਮ ਦੀਆਂ ਸ਼ੁਰੂਆਤੀ ਪ੍ਰੀ ਪ੍ਰੋਡੋਕਸ਼ਨ ਤਿਆਰੀਆਂ ਨੂੰ ਅੰਜ਼ਾਮ ਦੇ ਰਹੀ ਫ਼ਿਲਮ ਨਿਰਮਾਣ ਟੀਮ ਅਨੁਸਾਰ ਫ਼ਿਲਮ ਦੀ ਕਹਾਣੀ ਇਕ ਅਜਿਹੇ ਸ਼ਖ਼ਸ਼ ਦੁਆਲੇ ਘੁੰਮਦੀ ਹੈ, ਜਿਸ ਨੂੰ ਬਚਪਨ ਤੋਂ ਹੀ ਅਪਾਹਿਜ ਹੋਣ ਕਾਰਨ ਬਹੁਤ ਸਾਰੀਆਂ ਮਾਨਸਿਕ ਅਤੇ ਦੁਸ਼ਵਾਰੀਆਂ ਅਤੇ ਜਿੱਲਤ ਪੜਾਵਾਂ ਵਿਚੋਂ ਗੁਜ਼ਰਣਾ ਪੈਂਦਾ ਹੈ।
ਟੀਮ ਨੇ ਦੱਸਿਆ ਕਿ ਸਮਾਜਿਕ ਵਜ਼ੂਦ ਦੀ ਤਾਲਾਸ਼ ਵਿਚ ਆਖ਼ਿਰ ਇਹ ਬਾਲਕ ਗੁਰੂ ਸਾਹਿਬਾਨ ਦੇ ਲੜ੍ਹ ਲੱਗਣ ਦੀ ਠਾਨ ਲੈਂਦਾ ਹੈ ਅਤੇ ਉਸ ਦੀ ਇਹ ਮਿਹਨਤ ਅਤੇ ਲਗਨ ਅਜ਼ਾਈ ਨਹੀਂ ਜਾਂਦੀ ਅਤੇ ਆਖ਼ਰ ਇਕ ਦਿਨ ਉਹ ਉਨ੍ਹਾਂ ਸਾਰਿਆਂ ਜੋ ਉਸ ਨੂੰ ਨਜ਼ਰਅੰਦਾਜ਼ ਕਰਦੇ ਰਹੇ ਸਨ, ਨੂੰ ਆਪਣੇ ਸਾਹਮਣੇ ਸਮਾਜਿਕ ਤੌਰ 'ਤੇ ਨੀਵਾਂ ਹੋਣ ਲਈ ਮਜ਼ਬੂਰ ਕਰ ਦਿੰਦਾ ਹੈ। ਟੀਮ ਅਨੁਸਾਰ ਬਹੁਤ ਹੀ ਭਾਵਨਾਤਮਕ ਅਤੇ ਰੂਹਾਨੀਅਤ ਰੰਗਾਂ ਵਿਚ ਰੰਗੀ ਹੋਵੇਗੀ, ਇਹ ਫ਼ਿਲਮ। ਜਿਸ ਦਾ ਮਨ ਨੂੰ ਛੂਹ ਲੈਣ ਵਾਲਾ ਸੰਗੀਤ ਵੀ ਖਿੱਚ ਦਾ ਕੇਂਦਰ ਹੋਵੇਗਾ।
ਜੇਕਰ ਇਸ ਫ਼ਿਲਮ ਵਿਚ ਮੁੱਖ ਕਿਰਦਾਰ ਅਦਾ ਕਰ ਰਹੇ ਸ਼ਾਹਿਦ ਮਾਲਿਆ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਹਾਲੀਆ ਹਿੱਟ ਗੀਤਾਂ ਵਿਚ 'ਸ਼ਾਈਆਂ', 'ਮੁੜਕੇ ਦੇਖਾ ਹੀ ਨਹੀਂ', 'ਡੇਢ ਇਸ਼ਕੀਆਂ', 'ਫ਼ੱਟੇ','ਮਾਹੀਆਂ', 'ਇਸ਼ਕ ਇਸ਼ਕ', 'ਟਿਵੰਕਲ ਟਿਵੰਕਲ', 'ਸੋਹਣਾ ਲੱਗਦਾ', 'ਪਤਲੀ ਕਮਰੀਆਂ' ਅਤੇ ਫਿਲਮ ਉੜਤਾ ਪੰਜਾਬ ਦਾ 'ਇਕ ਕੁੜੀ' ਆਦਿ ਸ਼ਾਮਿਲ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਮਾਲਿਆ ਸੰਗੀਤਕਾਰਾਂ ਦੇ ਪਰਿਵਾਰ ਤੋਂ ਹੀ ਹੈ। ਉਹ ਫਿਰੋਜ਼ਪੁਰ, ਪੰਜਾਬ ਵਿੱਚ ਵੱਡਾ ਹੋਇਆ। ਉਨ੍ਹਾਂ ਦੇ ਪਿਤਾ ਖੁਦ ਇੱਕ ਗਾਇਕ ਸਨ ਅਤੇ ਇਸ ਲਈ ਉਨ੍ਹਾਂ ਦੀ ਸਿਖਲਾਈ ਘਰ ਵਿੱਚ ਹੀ ਹੋਈ ਸੀ।
ਇਹ ਵੀ ਪੜ੍ਹੋ: Sidhu Moosewala Death Anniversary: 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ