ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਦਿੱਗਜ ਅਤੇ ਤਕਨੀਕੀ ਪੱਖੋਂ ਬਾਕਮਾਲ ਸਮਝ ਰੱਖਦੇ ਨਿਰਦੇਸ਼ਕ ਵਜੋਂ ਆਪਣੀ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਮਿਤੋਜ਼ ਮਾਨ, ਜੋ ਹੁਣ ਬਤੌਰ ਅਦਾਕਾਰ ‘ਦਿ ਡਿਪਲੋਮੈਂਟ’ ਨਾਲ ਬਾਲੀਵੁੱਡ ’ਚ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ। ਜਿੰਨ੍ਹਾਂ ਦੇ ਇਸ ਨਵੇਂ ਅਤੇ ਮਹੱਤਵਪੂਰਨ ਫ਼ਿਲਮ ਪ੍ਰੋਜੈਕਟ ’ਚ ਜਾਨ ਅਬ੍ਰਾਹਮ ਲੀਡ ਭੂਮਿਕਾ ਅਦਾ ਕਰ ਰਹੇ ਹਨ। ਅੱਜਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਹੋ ਚੁੱਕੇ ਇਸ ਫ਼ਿਲਮ ਦੇ ਤੀਸਰੇ ਸ਼ਡਿਊਲ ਵਿਚ ਜਿਆਦਾਤਰ ਦ੍ਰਿਸ਼ਾਂ ਜਿਆਦਾਤਰ ਫ਼ਿਲਮਾਂਕਣ ਅਮਿਤੋਜ਼ ਮਾਨ , ਜਾਨ ਅਬ੍ਰਾਹਮ, ਪਾਕਿਸਤਾਨੀ ਅਦਾਕਾਰਾ ਸਾਦਿਆ ਖ਼ਤੀਬ ਅਤੇ ਪਾਲੀਵੁੱਡ ਅਦਾਕਾਰ ਪਾਲੀ ਮਾਂਗਟ 'ਤੇ ਹੀ ਕੀਤਾ ਜਾ ਰਿਹਾ ਹੈ, ਜੋ ਸਾਰੇ ਇਸ ਫ਼ਿਲਮ ਵਿਚ ਬਹੁਤ ਹੀ ਪ੍ਰਭਾਵੀ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ।
![Amitoj Maan](https://etvbharatimages.akamaized.net/etvbharat/prod-images/pb-fdk-10034-01-amitoj-maan-is-ready-for-new-beginning-in-bollywood_11032023115055_1103f_1678515655_1091.jpg)
ਬਾਲੀਵੁੱਡ ਦੇ ਨਾਮੀ ਨਿਰਦੇਸ਼ਕ ਸ਼ਿਵਮ ਨਾਇਰ ਦੁਆਰਾ ਇਹ ਫਿਲਮ ਨਿਰਦੇਸ਼ਿਤ ਕੀਤੀ ਜਾ ਰਹੀ ਅਤੇ ਰਿਤੇਸ਼ ਸ਼ਾਹ ਵੱਲੋਂ ਲਿਖਿਤ ਇਸ ਫ਼ਿਲਮ ਦੀ ਕਹਾਣੀ ਇਕ ਭਾਰਤੀ ਡਿਪਲੋਮੈਂਟ 'ਤੇ ਆਧਾਰਿਤ ਹੈ, ਜੋ ਪਾਕਿਸਤਾਨ ਤੋਂ ਇਕ ਅਜਿਹੀ ਭਾਰਤੀ ਲੜ੍ਹਕੀ ਨੂੰ ਵਾਪਸ ਲਿਆਉਣ ਲਈ ਜੱਦੋਜਹਿਦ ਕਰਦਾ ਹੈ, ਜਿਸਨੂੰ ਉਸ ਦੀ ਇੱਛਾ ਤੋਂ ਬਗੈਰ ਉਥੇ ਵਿਆਹਿਆਂ ਅਤੇ ਧੋਖ਼ੇ ਦਾ ਸ਼ਿਕਾਰ ਬਣਾਇਆ ਗਿਆ ਹੈ।
![Amitoj Maan](https://etvbharatimages.akamaized.net/etvbharat/prod-images/pb-fdk-10034-01-amitoj-maan-is-ready-for-new-beginning-in-bollywood_11032023115055_1103f_1678515655_224.jpg)
ਉਕਤ ਫ਼ਿਲਮ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਅਮਿਤੋਜ਼ ਮਾਨ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਨਾਦਿਰਾ ਬੱਬਰ ਦੇ ਏਕਜੁੱਟ ਡਰਾਮਾ ਥੀਏਟਰ ਗਰੁੱਪ ਤੋਂ ਕੀਤੀ, ਇਸ ਉਪਰੰਤ ਉਨ੍ਹਾਂ ਨੂੰ ਦਿਲੀਪ ਕੁਮਾਰ ਵੱਲੋਂ ਨਿਰਦੇਸ਼ਿਤ ਕੀਤੀ ਗਈ ਮੀਨਾਕਸ਼ੀ ਸ਼ੇਸ਼ਾਦਰੀ ਨਾਲ ਲੀਡ ਭੂਮਿਕਾ ਨਿਭਾਉਣ ਦਾ ਵੀ ਅਵਸਰ ਮਿਲਿਆ, ਪਰ ਬਦਕਿਸਮਤੀ ਦੇ ਚਲਦਿਆਂ ਇਹ ਵੱਡਾ ਪ੍ਰੋਜੈਕਟ ਕੁਝ ਕਾਰਨਾਂ ਦੇ ਚਲਦਿਆਂ ਰਿਲੀਜ਼ ਨਹੀਂ ਹੋ ਸਕਿਆ, ਜਿਸ ਕਾਰਣ ਅਮਿਤੋਜ਼ ਨੂੰ ਕਾਫ਼ੀ ਉਤਰਾਅ-ਚੜਾਅ ਦਾ ਵੀ ਸਾਹਮਣਾ ਕਰਨਾ ਪਿਆ।
![Amitoj Maan](https://etvbharatimages.akamaized.net/etvbharat/prod-images/pb-fdk-10034-01-amitoj-maan-is-ready-for-new-beginning-in-bollywood_11032023115055_1103f_1678515655_517.jpg)
ਪਰ ਇਸ ਵੱਡੀ ਮਾਨਸਿਕ ਸੱਟ ਦੇ ਬਾਵਜੂਦ ਉਨ੍ਹਾਂ ਹਿੰਮਤ ਨਹੀਂ ਹਾਰੀ ਅਤੇ ਪੰਜਾਬੀ ਫ਼ਿਲਮ ‘ਨਸੀਬੋ’ ਨਾਲ ਅਦਾਕਾਰ ਵਜੋਂ ਪਾਲੀਵੁੱਡ ਵਿਚ ਸ਼ਾਨਦਾਰ ਦਸਤਕ ਦਿੱਤੀ, ਜਿਸ ਵਿਚ ਉਨ੍ਹਾਂ ਦੀ ਲੀਡ ਭੂਮਿਕਾ ਨੂੰ ਕਾਫ਼ੀ ਸਰਾਹਿਆ ਗਿਆ। ਇਸ ਉਪਰੰਤ ਹਰਭਜਨ ਮਾਨ ਦਾ ਮਿਊਜ਼ਿਕ ਵੀਡੀਓ ਮਿਰਜ਼ਾ ਨਿਰਦੇਸ਼ਿਤ ਕਰਕੇ ਚਰਚਾ ਵਿਚ ਆਏ ਅਮਿਤੋਜ਼ ਨੇ 'ਦਿਲ ਤਾਂ ਪਾਗਲ ਹੈ', 'ਸਾਉਣ ਦੀ ਝੜੀ', 'ਕਬਜ਼ਾ ਲੈਣਾ ਹੈ' ਆਦਿ ਜਿਹੇ ਕਈ ਸਫ਼ਲ ਮਿਊਜ਼ਿਕ ਵੀਡੀਓਜ਼ ਦਾ ਨਿਰਦੇਸ਼ਨ ਕਰਕੇ ਆਪਣੀ ਬੇਮਿਸਾਲ ਨਿਰਦੇਸ਼ਨ ਕਲਾ ਦਾ ਲੋਹਾ ਮੰਨਵਾਇਆ ਹੈ। ਪੰਜਾਬੀ ਅਤੇ ਹਿੰਦੀ ਸਿਨੇਮਾ ਦੀਆਂ ਅਰਥਭਰਪੂਰ ਫ਼ਿਲਮਾਂ ਵਿਚ ਸ਼ਾਮਿਲ ‘ਹਵਾਏਂ’, ‘ਗਦਾਰ’ ਅਤੇ ਸੰਨੀ ਦਿਓਲ ਸਟਾਰਰ ‘ਕਾਫ਼ਲਾ’ ਆਦਿ ਫ਼ਿਲਮਾਂ ਵੀ ਨਿਰਦੇਸ਼ਿਤ ਕਰ ਚੁੱਕੇ ਅਮਿਤੋਜ਼ ਇੰਨ੍ਹੀ ਦਿਨ੍ਹੀਂ ਆਪਣੀ ਨਿਰਦੇਸ਼ਕ ਵਜੋਂ ਨਵੀਂ ਫ਼ਿਲਮ ਸੁੱਚਾ ਸੂਰਮਾ ਨੂੰ ਵੀ ਆਖ਼ਰੀ ਛੋਹਾ ਦੇ ਰਹੇ ਹਨ, ਜਿਸ ਵਿਚ ਬੱਬੂ ਮਾਨ ਲੀਡ ਭੂਮਿਕਾ ਅਦਾ ਕਰ ਰਹੇ ਹਨ।