ਫਰੀਦਕੋਟ: ਪੰਜਾਬੀ ਸਿਨੇਮਾਂ ਲਈ ਕਈ ਹਿੱਟ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੌਜਵਾਨ ਫ਼ਿਲਮਕਾਰ ਅਨੁਰਾਗ ਸਿੰਘ ਅੱਜਕੱਲ੍ਹ ਬਾਲੀਵੁੱਡ ਨੂੰ ਵੀ ਬੇਹਤਰੀਣ ਸਿਨੇਮਾਂ ਬਣਾਉਣ 'ਚ ਲੱਗੇ ਹੋਏ ਹਨ। ਅਨੁਰਾਗ ਸਿੰਘ ਰਿਲੀਜ਼ ਹੋ ਚੁੱਕੀ ਆਪਣੀ ਪਹਿਲੀ ਹਿੰਦੀ ਫ਼ਿਲਮ ‘ਕੇਸਰੀ’ ਤੋਂ ਬਾਅਦ ਅਗਲੇ ਸਿਨੇਮਾਂ ਪ੍ਰੋਜੈਕਟ ਵਿਚ ਹੁਣ ਟਾਈਗਰ ਸ਼ਰਾਫ਼ ਨੂੰ ਨਿਰਦੇਸ਼ਿਤ ਕਰਨ ਜਾ ਰਹੇ ਹਨ। ਕਈ ਹਿੱਟ ਫ਼ਿਲਮਾਂ ਦੇ ਚੁੱਕੇ ਸਵ.ਰਾਜ ਕੰਵਰ ਨਾਲ ਬਤੌਰ ਐਸੋਸੀਏਟ ਨਿਰਦੇਸ਼ਕ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰਨ ਵਾਲੇ ਇਸ ਹੋਣਹਰ ਨਿਰਦੇਸ਼ਕ ਨੇ ਪੰਜਾਬੀ ਸਿਨੇਮਾਂ ਪਾਰੀ ਦਾ ਆਗਾਜ਼ ‘ਯਾਰ ਅਣਮੁੱਲੇ’ ਨਾਲ ਕੀਤਾ ਸੀ। ਇਸ ਫਿਲਮ ਨੇ ਦੇਸ਼ ਅਤੇ ਵਿਦੇਸ਼ ਵਿਚ ਸਫ਼ਲਤਾ ਹਾਸਲ ਕੀਤੀ ਸੀ।
ਫ਼ਿਲਮਕਾਰ ਅਨੁਰਾਗ ਸਿੰਘ ਦੀ ਪੜਾਈ ਅਤੇ ਕਰੀਅਰ: ਪੰਜਾਬ ਦੇ ਇਤਹਾਸਿਕ ਅਤੇ ਰਜਵਾੜਾਸ਼ਾਹੀ ਸ਼ਹਿਰ ਕਪੂਰਥਲਾ ਦੇ ਛੋਟੇ ਜਿਹੇ ਪਿੰਡ ਅਮਰਗੜ੍ਹ ਨਾਲ ਸੰਬੰਧ ਰੱਖਦੇ ਅਨੁਰਾਗ ਨੇ ਆਪਣੀ ਸੁਰੂਆਤੀ ਪੜ੍ਹਾਈ ਸੈਂਟ ਜੋਜਫ਼ ਕਾਨਵੈਂਟ ਸਕੂਲ ਅਤੇ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਜਲੰਧਰ ਤੋਂ ਹਾਸਿਲ ਕੀਤੀ। ਇਸ ਤੋਂ ਬਾਅਦ ਗ੍ਰੇਜੂਏਸ਼ਨ ਪੂਰੀ ਕਰਦਿਆ ਹੀ ਉਨ੍ਹਾਂ ਨੇ ਸਿਨੇਮਾਂ ਨਾਲ ਜੁੜਨ ਦਾ ਦ੍ਰਿੜ ਸੰਕਲਪ ਕਰ ਲਿਆ। ਆਪਣੇ ਜੀਵਨ ਅਤੇ ਫ਼ਿਲਮੀ ਪੜ੍ਹਾਵਾਂ ਸਬੰਧੀ ਆਪਣੇ ਮਨ ਦੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਹ ਸਾਲ 1999 'ਚ ਮੁੰਬਈ ਚਲੇ ਗਏ, ਜਿੱਥੇ ਸਭ ਤੋਂ ਪਹਿਲਾ ਉਹ ਨਿਰਦੇਸ਼ਕ ਕੇ.ਪੱਪੂ ਨਾਲ ਜੁੜੇ। ਇਸ ਦੌਰਾਨ ਹੀ ਉਨ੍ਹਾਂ ਦਾ ਸਵ. ਰਾਜ ਕੰਵਰ ਜੀ ਨਾਲ ਮੇਲ ਮਿਲਾਪ ਅਤੇ ਤਾਲਮੇਲ ਵਧਿਆ। ਉਨ੍ਹਾਂ ਨੇ ਅਨੁਰਾਗ ਦੀ ਪ੍ਰਤਿਭਾ 'ਤੇ ਭਰੋਸਾ ਜਤਾਉਦਿਆਂ ਉਨ੍ਹਾਂ ਨੂੰ ਬਤੌਰ ਚੀਫ਼ ਨਿਰਦੇਸ਼ਕ ਆਪਣੇ ਨਾਲ ਜੁੜਨ ਦਾ ਅਵਸਰ ਦਿੱਤਾ।
ਫ਼ਿਲਮਕਾਰ ਅਨੁਰਾਗ ਸਿੰਘ ਵੱਲੋ ਪਹਿਲੀ ਨਿਰਦੇਸ਼ਨ ਕੀਤੀ ਫਿਲਮ: ਉਨ੍ਹਾਂ ਨੇ ਸਲਮਾਨ ਖਾਨ, ਰਾਣੀ ਮੁਖਰਜ਼ੀ ਸਟਾਰਰ ਹਰ ਦਿਲ ਜੋ ਪਿਆਰ ਕਰੇਗਾ, ਐਸ਼ਵਰਿਆਂ ਦੀ ਢਾਈ ਅੱਖਰ ਪ੍ਰੇਮ ਕੇ, ਸੰਨੀ ਦਿਉਲ ਸਟਾਰਰ ਫਰਜ਼, ਅਬਕੇ ਬਰਸ ਅਤੇ ਅੰਦਾਜ਼ ਜਿਹੀਆਂ ਕਈ ਫਿਲਮਾਂ ਵਿੱਚ ਚੀਫ਼ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ। ਇਸ ਤੋਂ ਇਲਾਵਾ ਅਕਸ਼ੈ ਕੁਮਾਰ, ਕੈਟਰੀਨਾ ਕੈਫ ਸਟਾਰਰ ਹਮ ਕੋ ਦੀਵਾਨਾ ਕਰ ਗਏ ਦੇ ਡਾਇਲਾਗ ਲਿਖਣ ਦੀ ਵੀ ਜਿੰਮੇਵਾਰੀ ਨਿਭਾਈ। ਅਨੁਰਾਗ ਅਨੁਸਾਰ, ਉਨ੍ਹਾਂ ਦੀ ਸਿਨੇਮਾ ਪ੍ਰਤੀ ਲਗਨ ਨੂੂੰ ਦੇਖਦਿਆਂ ਹੋਇਆ ਉਨਾਂ ਨੂੰ ਪਹਿਲੀ ਫ਼ਿਲਮ ਜੋ ਆਜ਼ਾਦ ਨਿਰਦੇਸ਼ਕ ਵਜੋਂ ਮਿਲੀ, ਉਹ ਸੀ ਰਕੀਬ। ਇਸ ਵਿਚ ਬੌਬੀ ਦਿਓਲ ਵੱਲੋਂ ਲੀਡ ਭੂਮਿਕਾ ਨਿਭਾਈ ਗਈ ਸੀ।
ਪੰਜਾਬੀ ਸਿਨੇਮਾਂ ਤੋਂ ਬਾਅਦ ਹਿੰਦੀ ਸਿਨੇਮਾ ਵੱਲ ਵਧੇ ਫ਼ਿਲਮਕਾਰ ਅਨੁਰਾਗ ਸਿੰਘ: ਪੰਜਾਬੀ ਸਿਨੇਮਾਂ ਦੇ ਸ਼ਾਨਦਾਰ ਆਗਾਜ਼ ਤੋਂ ਬਾਅਦ ਹਿੰਦੀ ਸਿਨੇਮਾਂ ਲਈ ਕੁਝ ਵੱਖਰਾ ਅਤੇ ਸ਼ਾਨਦਾਰ ਕਰਨ ਲਈ ਯਤਨਸ਼ੀਲ ਹੋਏ ਇਸ ਨਿਰਦੇਸ਼ਕ ਵੱਲੋਂ ਹੁਣ ਤੱਕ ਨਿਰਦੇਸ਼ਿਤ ਕੀਤੀਆਂ ਜਿਆਦਾਤਰ ਫ਼ਿਲਮਾਂ ਹਿੱਟ ਰਹੀਆਂ ਹਨ। ਜਿੰਨ੍ਹਾਂ ਵਿਚ ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2, ਪੰਜਾਬ 1984 ਆਦਿ ਸ਼ਾਮਿਲ ਹਨ। ਪਾਲੀਵੁੱਡ ਦੇ ਨਿਰਦੇਸ਼ਕ ਦੇ ਤੌਰ ਤੇ ਪਹਿਚਾਣ ਸਥਾਪਿਤ ਕਰਨ ਵਿਚ ਸਫ਼ਲ ਰਹੇ ਅਨੁਰਾਗ ਦੀਆਂ ਨਿਰਦੇਸ਼ਨ ਸਮਰੱਥਾਵਾਂ ਨੂੰ ਕਈ ਬਾਲੀਵੁੱਡ ਨਿਰਦੇਸ਼ਕ ਪਸੰਦ ਕਰਦੇ ਹਨ, ਜਿੰਨ੍ਹਾਂ ਵਿਚੋਂ ਹੀ ਇਕ ਹਨ ਕਰਨ ਜ਼ੌਹਰ, ਜਿੰਨ੍ਹਾਂ ਵੱਲੋਂ ਧਰਮਾ ਪ੍ਰੋਡੋਕਸ਼ਨ ਦੇ ਬੈਨਰ ਹੇਠ ਬਣੀ ਫਿਲਮ ਕੇਸਰੀ ਅਤੇ ਉਸ ਤੋਂ ਬਾਅਦ ਟਾਈਗਰ ਸ਼ਰਾਫ਼ ਨਾਲ ਅਗਲੀ ਵੱਡੀ ਫ਼ਿਲਮ ਦੀ ਕਮਾਂਡ ਉਨਾਂ ਨੂੰ ਸੌਪੀ ਗਈ ਹੈ। ਜਿਸ ਲਈ ਅਨੁਰਾਗ ਪੂਰੀ ਮਿਹਨਤ ਕਰ ਰਹੇ ਹਨ।