ਚੰਡੀਗੜ੍ਹ: ਪੰਜਾਬੀ ਸਿਨੇਮਾ ਨਾਲ ਜੁੜੀਆਂ ਕਈ ਅਦਾਕਾਰਾ ਬਾਲੀਵੁੱਡ ’ਚ ਅਲਹਦਾ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ, ਜਿੰਨ੍ਹਾਂ ਦੀ ਹੀ ਲੜ੍ਹੀ ਨੂੰ ਹੋਰ ਮਾਣਮੱਤੇ ਆਯਾਮ ਦੇਣ ਵੱਲ ਵਧ ਰਹੀ ਹੈ ਅਦਾਕਾਰਾ ਸਾਬੀ ਸੂਰੀ, ਜੋ ਅਗਲੇ ਦਿਨ੍ਹੀਂ ਜਾਰੀ ਹੋਣ ਜਾ ਰਹੀ ਇਕ ਵੱਡੀ ਐਡ ਫਿਲਮ ਵਿਚ ਹਿੰਦੀ ਸਿਨੇਮਾ ਸਟਾਰ ਬੌਬੀ ਦਿਓਲ ਨਾਲ ਫ਼ੀਚਰਿੰਗ ਕਰਦੀ ਨਜ਼ਰ ਆਵੇਗੀ।
ਪਾਲੀਵੁੱਡ ਨਿਰਦੇਸ਼ਕ ਸਮੀਪ ਕੰਗ ਦੀ ਦੇਵ ਖਰੌੜ ਸਟਾਰਰ ਬਹੁ-ਚਰਚਿਤ ਫਿਲਮ ‘ਬਾਈ ਜੀ ਕੁੱਟਣਗੇ’ ਦੁਆਰਾ ਪੰਜਾਬੀ ਫਿਲਮ ਇੰਡਸਟਰੀ ਵਿਚ ਮਜ਼ਬੂਤ ਪੈੜ੍ਹਾਂ ਸਿਰਜਣ ਵਾਲੀ ਇਹ ਹੋਣਹਾਰ ਅਦਾਕਾਰ ਕਈ ਪੰਜਾਬੀ ਮਿਊਜ਼ਿਕ ਅਤੇ ਫਿਲਮਕਾਰ ਸੁਖਜਿੰਦਰ ਸ਼ੇਰਾ ਦੀ ‘ਯਾਰ ਬੇਲੀ’, ਇਮਰਾਨ ਸ਼ੇਖ ਨਿਰਦੇਸ਼ਿਤ ‘ਬਿੱਗ ਡੈਡੀ’ ਅਤੇ ਅਦਾਕਾਰ-ਨਿਰਦੇਸ਼ਕ ਸ਼ਰਹਾਨ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ‘ਆਪੇ ਪੈਣ ਸਿਆਪੇ’ ਜਿਹੀਆਂ ਅਲਹਦਾ ਕੰਟੈਂਟ-ਸੈਟਅੱਪ ਆਧਾਰਿਤ ਫਿਲਮਾਂ ਵਿਚ ਵੀ ਆਪਣੀ ਬਾਕਮਾਲ ਅਦਾਕਾਰੀ ਸਮਰੱਥਾ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੀ ਹੈ।
ਪੰਜਾਬੀ ਸਿਨੇਮਾ ਵਿਚ ਥੋੜੇ ਜਿਹੇ ਸਮੇਂ ਦੌਰਾਨ ਹੀ ਅਦਾਕਾਰਾ ਦੇ ਤੌਰ 'ਤੇ ਪ੍ਰਸਿੱਧੀ ਅਤੇ ਸਲਾਹੁਤਾ ਹਾਸਿਲ ਕਰ ਲੈਣ ਵਿਚ ਕਾਮਯਾਬ ਰਹੀ ਹੈ ਇਹ ਪ੍ਰਤਿਭਾਵਾਨ ਅਦਾਕਾਰਾ, ਜਿਸ ਨੇ ਹੁਣ ਹਿੰਦੀ ਸਿਨੇਮਾ ਖੇਤਰ ਵਿਚ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਕਦਮ ਵਧਾ ਦਿੱਤੇ ਹਨ।
ਉਕਤ ਸਿਲਸਿਲੇ ਅਧੀਨ ਮਾਇਆਨਗਰੀ ਮੁੰਬਈ ’ਚ ਸੰਘਰਸ਼ਸ਼ੀਲ ਅਤੇ ਕੁਝ ਕਰ ਗੁਜ਼ਰਣ ਲਈ ਯਤਨਸ਼ੀਲ ਹੋਈ ਇਸ ਅਦਾਕਾਰਾ ਨੇ ਦੱਸਿਆ ਕਿ ਪੱਥਰਾਂ ਦੇ ਇਸ ਸ਼ਹਿਰ ਵਿਚ ਵਜ਼ੂਦ ਨੂੰ ਬਣਾਉਣਾ ਅਤੇ ਸੰਵਾਰਨਾ ਏਨਾ ਆਸਾਨ ਨਹੀਂ ਹੁੰਦਾ ਪਰ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਇਸ ਗਲੈਮਰ ਦੀ ਦੁਨੀਆਂ ਨੇ ਬਹੁਤ ਹੀ ਚਾਵਾਂ ਨਾਲ ਇਸਤਕਬਾਲ ਕੀਤਾ ਹੈ ਅਤੇ ਆਉਂਦਿਆਂ ਹੀ ਕਈ ਵੱਡੀਆਂ ਐਡ ਫਿਲਮਜ਼ ਝੋਲੀ ਪਾਈਆਂ ਹਨ, ਜਿੰਨ੍ਹਾਂ ਵਿਚ ਬੇਹੱਦ ਡੈਸ਼ਿੰਗ ਐਕਟਰ ਬੌਬੀ ਦਿਓਲ ਤੋਂ ਇਲਾਵਾ ਹੋਰ ਕਈ ਮੰਨੇ ਪ੍ਰਮੰਨੇ ਹਿੰਦੀ ਸਿਨੇਮਾ ਐਕਟਰਜ਼ ਨਾਲ ਮਹੱਤਵਪੂਰਨ ਮੌਜੂਦਗੀ ਦਾ ਇਜ਼ਹਾਰ ਕਰਵਾਉਂਦੀ ਨਜ਼ਰ ਆਵਾਂਗੀ।
ਪੰਜਾਬੀ ਫਿਲਮ ਇੰਡਸਟਰੀ ਵਿਚ ਚੁਣਿੰਦਾ ਪ੍ਰੋਜੈਕਟ ਕਰਨ ਨੂੰ ਤਰਜੀਹ ਦੇਣ ਵਾਲੀ ਇਸ ਖੂਬਸੂਰਤ ਅਦਾਕਾਰਾ ਪਾਸੋਂ ਉਨਾਂ ਦੀ ਆਾਗਾਮੀ ਸਿਨੇਮਾ ਯੋਜਨਾਵਾਂ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜੇਕਰ ਆਪਣੇ ਹੁਣ ਤੱਕ ਦੇ ਕਰੀਅਰ ਦੀ ਗੱਲ ਕਰਾਂ ਤਾਂ ਹਮੇਸ਼ਾ ਪ੍ਰੋਜੈਕਟ ਚੁਣਨ ਨੂੰ ਲੈ ਕੇ ਕਾਫ਼ੀ ਚੂਜੀ ਰਹੀ ਹਾਂ, ਕਿਉਂਕਿ ਗਿਣਤੀ ਵਧਾਉਣ ਨਾਲੋਂ ਥੋੜੇ ਪਰ ਅਜਿਹੇ ਪ੍ਰਭਾਵੀ ਪ੍ਰੋਜੈਕਟ ਕਰਨਾ ਚਾਹੁੰਦੀ ਹਾਂ, ਜਿਸ ਵਿਚ ਅਦਾਕਾਰਾ ਦੇ ਤੌਰ 'ਤੇ ਕੁਝ ਖਾਸ ਕਰ ਕਰਨ ਦਾ ਅਵਸਰ ਮਿਲੇ।
ਪੰਜਾਬੀ ਜਾਂ ਹਿੰਦੀ ਫਿਲਮਾਂ ਵਿਚੋਂ ਕਿਸ ਭਾਸ਼ਾਈ ਸਿਨੇਮਾ ਵੱਲ ਰਹੇਗੀ ਤਰਜ਼ੀਹ ਪੁੱਛੇ ਇਸ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਦੱਸਿਆ ਕਿ ਬੇਸ਼ੱਕ ਪੰਜਾਬੀ ਸਿਨੇਮਾ ਪਹਿਲਕਦਮੀ ਰਹੇਗਾ, ਕਿਉਂਕਿ ਇਸੇ ਦੀ ਬਦੌਂਲਤ ਅੱਜ ਹਿੰਦੀ ਸਿਨੇਮਾ ਖੇਤਰ ਵਿਚ ਏਨਾਂ ਮਾਣ, ਸਤਿਕਾਰ ਅਤੇ ਚੰਗੇ ਅਵਸਰ ਮਿਲ ਰਹੇ ਹਨ। ਪਰ ਨਾਲ ਨਾਲ ਹਿੰਦੀ ਅਤੇ ਹੋਰ ਭਾਸ਼ਾਈ ਫਿਲਮਾਂ ਨਾਲ ਜੁੜਨਾ ਸਮੇਂ ਸਮੇਂ ਜ਼ਰੂਰ ਪਸੰਦ ਕਰਾਂਗੀ ਤਾਂ ਕਿ ਆਪਣੇ ਦਰਸ਼ਕ ਦਾਇਰੇ ਅਤੇ ਅਦਾਕਾਰਾ ਦੇ ਤੌਰ 'ਤੇ ਆਪਣੀ ਹੌਂਦ ਨੂੰ ਹੋਰ ਵਿਸ਼ਾਲਤਾ ਦਿੱਤੀ ਜਾ ਸਕੇ।