ਤਰਨਤਾਰਨ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਤਰਨਤਾਰਨ ਵਿੱਚ ਪ੍ਰੈਸ ਕਾਨਫ਼ਰੰਸ ਕੀਤੀ। ਇਸ ਮੌਕੇ ਪੰਜਾਬ ਦੀਆਂ ਦੂਜੀਆਂ ਪਾਰਟੀਆਂ ਨੂੰ ਸਿੱਧੇ ਹੱਥੀਂ ਲਿਆ। ਇਸ ਦੇ ਨਾਲ ਹੀ ਖਹਿਰਾ ਨੇ 'ਆਪ' ਦੇ ਪੰਜਾਬ ਉੱਪ ਪ੍ਰਧਾਨ ਅਮਨ ਅਰੋੜਾ 'ਤੇ ਆਰਐੱਸਐੱਸ ਦਾ ਏਜੰਟ ਹੋਣ ਦਾ ਇਲਜ਼ਾਮ ਵੀ ਲਾਇਆ।
ਖਹਿਰਾ ਨੇ ਤਰਨਤਾਰਨ ਵਿੱਚ ਪੱਤਰਕਾਰਾਂ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਗੱਠਜੋੜ ਦੀ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਆਪਣੇ ਚੋਣ ਏਜੰਡੇ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਰਕੇ ਕੋਈ ਗ਼ਲਤੀ ਨਹੀਂ ਕੀਤੀ ਗਈ ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਮਨੁੱਖ ਨੂੰ ਸੱਚੇ ਸਿਧਾਂਤਾਂ 'ਤੇ ਚੱਲਣ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬੀਬੀ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ 'ਤੇ ਵੋਟ ਨਹੀਂ ਮੰਗੀਆਂ ਜਾ ਰਹੀਆ, ਇਸ ਕਾਰਨ ਚੋਣ ਜ਼ਾਬਤੇ ਦੀ ਕੋਈ ਉਲੰਘਣਾ ਨਹੀਂ ਹੋਈ ਹੈ।
ਖਹਿਰਾ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਉੱਪ ਪ੍ਰਧਾਨ ਅਮਨ ਅਰੋੜਾ ਨੇ ਆਰਐੱਸਐੱਸ ਦੇ ਏਜੰਟ ਹੋਣ ਦਾ ਇਲਜ਼ਾਮ ਲਾਇਆ ਅਤੇ ਕਿਹਾ ਕਿ ਕਿਸੇ ਵੇਲੇ ਅਰਵਿੰਦਰ ਕੇਜਰੀਵਾਲ ਅਕਾਲੀ ਦਲ ਤੇ ਨਸ਼ੇ ਦੇ ਕਾਰੋਬਾਰੀ ਹੋਣ ਦਾ ਇਲਜ਼ਾਮ ਲਾਉਂਦੇ ਸਨ, ਪਰ ਵੋਟਾਂ ਤੋਂ ਬਾਅਦ ਕੇਜਰੀਵਾਲ ਖ਼ੁਦ ਹੀ ਅਕਾਲੀ ਦਲ ਤੋਂ ਮਾਫ਼ੀ ਮੰਗ ਗਏ, ਜਿਸ ਤੋਂ ਕੇਜਰੀਵਾਲ ਦੀ ਸੋਚ ਦਾ ਪਤਾ ਲੱਗਦਾ ਹੈ।
ਖਹਿਰਾ ਨੇ ਕਿਹਾ ਕਿ ਦੇਸ਼ ਦੇ ਲੋਕ ਕਾਂਗਰਸ ਅਤੇ ਭਾਜਪਾ ਦੇ ਸ਼ਾਸ਼ਨ ਤੋਂ ਤੰਗ ਆ ਚੁੱਕੇ ਹਨ ਇਸ ਲਈ ਮੁਕਾਬਲਾ ਹੁਣ ਤ੍ਰਿਕੋਣਾ ਹੋਵੇਗਾ। ਲੋਕਾਂ ਨੇ ਦੋਵਾਂ ਸਰਕਾਰਾਂ ਨੂੰ ਵੇਖ ਅਤੇ ਪਰਖ ਲਿਆ ਹੈ ਇਸ ਲਈ ਉਹ ਤੀਜੀ ਧਿਰ ਨੂੰ ਮੌਕਾ ਦੇਣਗੇ ਅਤੇ ਜੋ ਵੀ ਤੀਜੀ ਧਿਰ ਆਵੇਗੀ ਉਸ ਦੇ ਮੁਤਾਬਕ ਮਾਇਆਵਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ।