ਬਠਿੰਡਾ : ਆਮ ਆਦਮੀ ਪਾਰਟੀ ਨੇ ਬਠਿੰਡਾ ਤੋਂ ਪ੍ਰੋ. ਬਲਜਿੰਦਰ ਕੌਰ ਨੂੰ ਲੋਕ ਸਭਾ ਉਮੀਦਵਾਰ ਵਜੋਂ ਐਲਾਨਿਆ ਹੈ। ਪ੍ਰੋ. ਬਲਜਿੰਦਰ ਕੌਰ ਇਸ ਸਮੇਂ ਮੌਜੂਦਾ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਹੈ। ਇਸ ਮੌਕੇ ਬਠਿੰਡਾ ਦੇ ਚੋਣ ਅਖਾੜੇ ਵਿੱਚ ਪੀਡੀਏ ਦੇ ਉਮੀਦਵਾਰ ਸੁਖਪਾਲ ਖਹਿਰਾ ਹਨ। ਅਕਾਲੀ ਦਲ ਅਤੇ ਕਾਂਗਰਸ ਵੱਲੋਂ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪ੍ਰੋਫੈਸਰ ਬਲਜਿੰਦਰ ਕੌਰ ਤਲਵੰਡੀ ਸਾਬੋ ਹਲਕੇ ਦੇ ਪਿੰਡ ਜਗਾਰਾਮ ਤੀਰਥ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਦਾ ਵਿਆਹ ਅੰਮ੍ਰਿਤਸਰ ਨਾਲ ਸੰਬੰਧਿਤ ਸੁਖਰਾਜ ਸਿੰਘ ਬੱਲ ਨਾਲ ਹੋਇਆ ਹੈ, ਜੋ ਆਮ ਆਦਮੀ ਪਾਰਟੀ ਦੇ ਮਾਝਾ ਯੂਥ ਵਿੰਗ ਦੇ ਪ੍ਰਧਾਨ ਹਨ।
ਪਾਰਟੀ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਦੇ ਨਾਂ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ ਪ੍ਰੋਫੈਸਰ ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਵਿਧਾਇਕ ਹੋਣ ਦੇ ਨਾਲ-ਨਾਲ ਮਹਿਲਾ ਵਿੰਗ ਪੰਜਾਬ ਦੀ ਅਬਜ਼ਰਵਰ ਵੀ ਹੈ।
ਗੌਰਤਲਬ ਕਿ ਪ੍ਰੋਫੈਸਰ ਬਲਜਿੰਦਰ ਕੌਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਟਿਕਟ ਉੱਤੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਬਠਿੰਡਾ ਲੋਕ ਸਭਾ ਸੀਟ ਤੋਂ ਪ੍ਰੋ. ਬਲਜਿੰਦਰ ਕੌਰ ਦਾ ਟਾਕਰਾ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨਾਲ ਹੋਵੇਗਾ, ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਬਠਿੰਡਾ ਤੋਂ ਆਪਣੇ ਉਮੀਦਵਾਰ ਅਜੇ ਨਹੀਂ ਐਲਾਨੇ ਹਨ।