ਚੰਡੀਗੜ੍ਹ: ਹਰਿਆਣਾ ਵਿੱਚ ਐਤਵਾਰ ਨੂੰ ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਦੀਆਂ ਪਈਆਂ ਵੋਟਾਂ ਦੌਰਾਨ ਫ਼ਰੀਦਾਬਾਦ ਦੀ ਪ੍ਰਿਥਲਾ ਵਿਧਾਨ ਸਭਾ ਦੇ ਅਸਾਵਟੀ ਪਿੰਡ ਦੇ ਪੋਲਿੰਗ ਬੂਥ ਨੰ. 88 ਤੋਂ ਬੂਥ ਕੈਪਚਰਿੰਗ ਦੀ ਵੀਡੀਓ ਸਾਹਮਣੇ ਆਈ ਸੀ। ਚੋਣ ਕਮਿਸ਼ਨ ਨੇ ਇਸ ਵੀਡੀਓ ਨੂੰ ਸਹੀ ਮੰਨਦਿਆਂ ਇਸ ਬੂਥ 'ਤੇ 19 ਮਈ ਨੂੰ ਮੁੜ ਚੋਣ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਅਸਾਵਟੀ ਦੇ ਬੂਥ-88 'ਤੇ 19 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਮੁੜ ਵੋਟਾਂ ਕਰਵਾਈਆਂ ਜਾਣਗੀਆਂ। ਮੁੜ ਚੋਣਾਂ ਕਰਵਾਉਣ ਦੇ ਆਦੇਸ਼ ਤੋਂ ਬਾਅਦ ਹਰਿਆਣਾ ਸਰਕਾਰ ਨੇ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਦਾ ਤਬਾਦਲਾ ਕਰ ਦਿੱਤਾ ਹੈ। ਅਤੁਲ ਦੀ ਜਗ੍ਹਾ ਅਸ਼ੋਕ ਕੁਮਾਰ ਗਰਗ ਨੂੰ ਰਿਟਰਨਿੰਗ ਅਫ਼ਸਰ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਡਿਊਟੀ ਵਿੱਚ ਕੁਤਾਹੀ ਵਰਤਨ ਅਤੇ ਚੋਣਾਂ ਦੌਰਾਨ ਨਿਯਮਾਂ ਦਾ ਉਲੰਘਣ ਕਰਨ ਦੀਆਂ ਘਟਨਾਵਾਂ ਦੀ ਰਿਪੋਰਟ ਨਾ ਕਰਨ ਨੂੰ ਲੈ ਕੇ ਮਾਇਕਰੋ ਆਬਜ਼ਰਬਰ ਸੋਨਲ ਗੁਲਾਟੀ ਨੂੰ ਤਿੰਨ ਸਾਲ ਤੱਕ ਚੋਣ ਗਤੀਵਿਧੀਆਂ ਤੋਂ ਦੂਰ ਰੱਖਣ ਦੇ ਆਦੇਸ਼ ਦਿੱਤੇ ਹਨ।
12 ਮਈ ਨੂੰ ਫ਼ਰੀਦਾਬਾਦ ਵਿੱਚ ਕਾਂਗਰਸ ਉਮੀਦਵਾਰ ਅਵਤਾਰ ਸਿੰਘ ਭੜਾਨਾ ਨੇ ਕਈ ਥਾਵੀਂ ਬੂਥ ਕੈਪਚਰਿੰਗ ਦੇ ਇਲਜ਼ਾਮ ਲਾਏ ਸਨ ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਪ੍ਰਿਥਲਾ ਵਿਧਾਨਸਭਾ ਦੇ ਅਸਵਾਟੀ ਵਿੱਚ ਪੋਲਿੰਗ ਬੂਥ ਨੰਬਰ 88 'ਤੇ ਬੂਥ ਕੈਪਚਰਿੰਗ ਦੇ ਆਰੋਪਾਂ ਨੂੰ ਸਹੀ ਸਮਝਦੇ ਹੋਏ ਮੁੜ ਚੋਣ ਕਰਵਾਉਣ ਦੇ ਆਦੇਸ਼ ਦਿੱਤੇ ਹਨ।