ਮਲੇਰਕੋਟਲਾ: ਮਲੇਰਕੋਟਲਾ ਸ਼ਹਿਰ ਨੂੰ ਜ਼ਿਲ੍ਹਾ ਐਲਾਨੇ ਜਾਣ ਦੇ ਬਾਵਜੂਦ ਕਾਨੂੰਨੀ ਕਾਰਵਾਈਆਂ 'ਤੇ ਪਿਛੇ ਪੈਂਦਾ ਨਜ਼ਰ ਆ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜਿਥੇ ਇੱਕ ਪਾਸੇ ਸੂਬੇ 'ਚ ਨਸ਼ੇ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਉਥੇ ਹੀ ਦੂਜੇ ਪਾਸੇ ਮਲੇਰਕੋਟਲਾ ਸ਼ਹਿਰ ਦੇ ਕਈ ਇਲਾਕਿਆਂ 'ਚ ਸਰੇਆਮ ਨਸ਼ੇ ਦੀ ਵ੍ਰਿਕੀ ਹੁੰਦੀ ਹੈ। ਇਸ ਦਾ ਖੁਲਾਸਾ ਖ਼ੁਦ ਸ਼ਹਿਰ ਵਾਸੀਆਂ ਨੇ ਕੀਤਾ ਹੈ। ਇਸ ਸਬੰਧੀ ਬੀਤੇ ਦਿਨੀਂ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਜਿਸ ਵਿੱਚ ਦੋ ਪਰਿਵਾਰ ਆਪਸ ਵਿਚ ਲੜਦੇ ਹੋਈ ਇੱਕ ਦੂਜੇ 'ਤੇ ਨਸ਼ਾ ਵੇਚਣ ਦੇ ਦੋਸ਼ ਲਾ ਰਹੇ ਸਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਲਗਾਤਾਰ ਨਸ਼ਾ ਤਸਕਰ ਸ਼ਹਿਰ ਦੇ ਵੱਖੋਂ-ਵੱਖ ਅੰਦਰੂਨੀ ਇਲਾਕਿਆਂ 'ਚ ਨਸ਼ਾ ਵੇਚਣ ਆਉਂਦੇ ਸਨ। ਨਸ਼ਾ ਤਸਕਰ ਬੇਹਦ ਅਸਾਨੀ ਨਾਲ ਟਾਫਿਆਂ ਵਾਂਗ ਸਰੇਆਮ ਨੌਜਵਾਨਾਂ ਨੂੰ ਨਸ਼ਾ ਵੇਚ ਜਾਂਦੇ ਸਨ। ਇਸ ਸਬੰਧੀ ਲੋਕਾਂ ਨੇ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਜੇਕਰ ਕਿਸੇ ਨੂੰ ਗ੍ਰਿਫ਼ਤਾਰ ਕਰ ਵੀ ਲੈਂਦੀ ਤਾਂ ਕੁੱਝ ਸਮੇਂ ਬਾਅਦ ਉਸ ਨੂੰ ਛੱਡ ਦਿੰਦੀ ਹੈ। ਜਿਸ ਕਾਰਨ ਮੁੜ ਨਸ਼ਾ ਤਸਕਰਾਂ ਦੇ ਹੌਂਸਲੇ ਬੁਲੰਦ ਹੋ ਜਾਂਦੇ ਹਨ ਤੇ ਉਹ ਮੁੜ ਨਸ਼ਾ ਵੇਚਦੇ ਹੋਏ ਨਜ਼ਰ ਆ ਜਾਂਦੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਛੋਟੇ ਨਸ਼ਾ ਤਸਕਰਾਂ ਨੂੰ ਤਾਂ ਫੜ੍ਹ ਲੈਂਦੀ ਹੈ ਪਰ ਅਜੇ ਤੱਕ ਅਸਲ ਤੇ ਵੱਡੇ ਨਸ਼ਾ ਤਸਕਰਾਂ ਨੂੰ ਫੜ੍ਹਨ ਵਿੱਚ ਨਾਕਾਮਯਾਬ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪੁਲਿਸ ਤੇ ਪੰਜਾਬ ਸਰਕਾਰ ਕੋਲੋਂ ਇਸ ਮਾਮਲੇ 'ਤੇ ਵੱਡੇ ਪੱਧਰ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਜੇਕਰ ਨਸ਼ਾ ਤਸਕਰ ਮੁੱਹਲੀਆਂ ਤੇ ਇਲਾਕਿਆਂ ਵਿੱਚ ਨਹੀਂ ਆਉਣਗੇ ਤਾਂ ਲੋਕ ਆਪੇ ਨਸ਼ਾ ਖਰੀਦਣ ਤੋਂ ਹੱਟ ਜਾਣਗੇ। ਇਸ ਲਈ ਪ੍ਰਸ਼ਾਸਨ ਤੇ ਸੂਬਾ ਸਰਕਾਰ ਤੁਰੰਤ ਪ੍ਰਭਾਵ ਨਾਲ ਇਸ ਉੱਤੇ ਕਾਰਵਾਈ ਕਰੇ।
ਇਹ ਵੀ ਪੜ੍ਹੋਂ :crime news: ਹਵਾਲਾ ਰਾਹੀਂ ਪਾਕਿਸਤਾਨੀ ਤਸਕਰਾਂ ਨੂੰ ਪੈਸਾ ਭੇਜਣ ਦੇ ਦੋਸ਼ ਹੇਠ ਸਾਬਕਾ ਰੈਸਲਰ ਗ੍ਰਿਫਤਾਰ