ਗੁਰਦਾਸਪੁਰ : ਸਵੇਰੇ ਬਟਾਲਾ ਦੇ ਸ਼ਹਿਰੀ ਇਲਾਕੇ 'ਚ ਇਕ ਪੁਰਾਣੇ ਮਕਾਨ 'ਚ ਚੱਲ ਰਹੇ ਉਸਾਰੀ ਅਤੇ ਮੁਰੰਮਤ ਦੇ ਕੰਮ ਦੌਰਾਨ ਮਿਸਤਰੀ ਅਤੇ ਮਜ਼ਦੂਰ ਨਾਲ ਹਾਦਸਾ ਵਾਪਰ ਗਿਆ। ਹਾਦਸੇ 'ਚ ਮਿਸਤਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਮਜ਼ਦੂਰ ਦੀ ਕੰਧ ਦੇ ਮਲਬੇ ਥੱਲੇ ਆਉਣ ਨਾਲ ਮੌਤ ਹੋ ਗਈ।
ਸਿਵਲ ਹਸਪਤਾਲ 'ਚ ਸਵੇਰੇ ਬਟਾਲਾ ਦੇ ਇਕ ਪਰਿਵਾਰ ਦੇ ਘਰ 'ਚ ਉਸਾਰੀ ਦਾ ਕੰਮ ਕਰਨ ਵਾਲੇ ਪਿੰਡ ਪੰਜਗਰਾਇਆਦੇ ਰਹਿਣ ਵਾਲੇ ਇਕ ਮਜਦੂਰ ਚਰਨਜੀਤ ਸਿੰਘ ਨੂੰ ਜਖ਼ਮੀ ਹਾਲਤ 'ਚ ਇਲਾਜ ਲਈ ਲਿਆਂਦਾ ਗਿਆ ਜਿਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਮ੍ਰਿਤਕ ਦੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਚਰਨਜੀਤ ਸਿੰਘ ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ ਅਤੇ ਉਹ ਸਿਵਲ ਹਸਪਤਾਲ ਪਹੁੰਚੇ ਤਾ ਦੇਖਿਆ ਕਿ ਲਾਸ਼ ਲਾਵਾਰਿਸ ਪਾਈ ਸੀ। ਜਿਹੜੇ ਲੋਕ ਉਸ ਨੂੰ ਲੈਕੇ ਆਏ ਉਹ ਉਥੋਂ ਲਾਸ਼ ਛੱਡ ਬਿਨਾਂ ਕਿਸੇ ਨੂੰ ਸੂਚਿਤ ਕਰ ਫਰਾਰ ਹੋ ਗਏ।
ਉਥੇ ਹੀ ਸਾਬਕਾ ਸਰਪੰਚ ਨੇ ਦੱਸਿਆ ਕਿ ਮਰਨ ਵਾਲਾ ਉਹਨਾਂ ਦੇ ਪਿੰਡ ਪੰਜਗਰਾਇਆ ਦਾ ਰਹਿਣ ਵਾਲਾ ਹੈ। ਉਹ ਰਾਜ ਮਿਸਤਰੀ ਨਾਲ ਮਜਦੂਰੀ ਦਾ ਕੰਮ ਕਰਦਾ ਸੀ। ਮਲਬੇ ਹੇਠ ਦੱਬ ਉਸਦੀ ਮੌਤ ਹੋਈ ਹੈ ਅਤੇ ਮਕਾਨ ਮਲਿਕ ਵਲੋਂ ਚਰਨਜੀਤ ਦੀ ਲਾਸ਼ ਨੂੰ ਸਿਵਲ ਹਸਪਤਾਲ ਛੱਡ ਆਪ ਖੁਦ ਜਿੰਮੇਵਾਰੀ ਨਾ ਸਮਝਦੇ ਹੋਏ ਚਲੇ ਗਏ। ਉਥੇ ਹੀ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਪੰਚਾਇਤ ਵਲੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ 'ਚ ਪੁਲਿਸ ਥਾਣਾ ਸਿਟੀ ਨੂੰ ਵੀ ਸ਼ਿਕਾਈਤ ਦਰਜ਼ ਕਾਰਵਾਈ ਗਈ ਹੈ |
ਇਸ ਮਾਮਲੇ 'ਚ ਪੁਲਿਸ ਥਾਣਾ ਸਿਟੀ ਬਟਾਲਾ ਦੀ ਇੰਚਾਰਜ ਖੁਸ਼ਬੀਰ ਕੌਰ ਵਲੋਂ ਸੂਚਨਾ ਮਿਲਣ ਤੇ ਮੌਕੇ ਤੇ ਪਹੁਚ ਤਫਤੀਸ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਹਾਦਸੇ 'ਚ ਜਿਥੇ ਮਜ਼ਦੂਰ ਚਰਨਜੀਤ ਸਿੰਘ ਦੀ ਮੌਤ ਹੋਈ ਹੈ ਉਥੇ ਹੀ ਮਕਾਨ ਮਾਲਿਕ ਦੇ ਪਰਿਵਾਰ ਦਾ ਇੱਕ ਮੈਂਬਰ ਵੀ ਜਖ਼ਮੀ ਹੋਇਆ ਹੈ, ਜਿਸ ਦਾ ਇਲਾਜ ਹਸਪਤਾਲ 'ਚ ਚਲ ਰਿਹਾ ਹੈ ਅਤੇ ਉਹਨਾਂ ਵਲੋਂ ਦੋਵਾਂ ਧਿਰਾਂ ਦੇ ਬਿਆਨ ਦੇ ਅਧਾਰ ਤੇ ਜਾਂਚ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।