ਮਾਨਸਾ: ਪੰਜਾਬ ਸਰਕਾਰ ਵੱਲੋਂ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ 'ਚ 28 ਸਾਲਾਂ ਨੌਜਵਾਨ ਕਿਸਾਨ ਨੇ ਪੰਜਾਬ ਸਰਕਾਰ ਦੇ ਮੁਆਵਜ਼ਾ ਨਾ ਦੇਣ ਕਾਰਨ ਕਰਜ਼ੇ ਤੋਂ ਤੰਗ ਆ ਕੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਅਤੇ ਕਿਸਾਨ ਗਰੁੱਪ ਨੇ ਦੱਸਿਆ ਕਿ ਨਵਜੋਤ ਸਿੰਘ ਕਿਸਾਨ ਕਰੀਬ 3 ਏਕੜ ਜ਼ਮੀਨ ਦਾ ਮਾਲਕ ਸੀ। ਪਿਛਲੇ ਦਿਨੀਂ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਵਜੋਤ ਸਿੰਘ ਦੇ ਪਰਿਵਾਰ 'ਤੇ 4 ਲੱਖ ਰੁਪਏ ਦੇ ਕਰਜ਼ੇ ਕਾਰਨ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ, ਪਰਿਵਾਰ ਵਾਲਿਆਂ ਨੇ ਬਹੁਤ ਸਮਝਾਇਆ, ਨਵਜੋਤ ਸਿੰਘ ਨੇ ਆਪਣਾ ਸਭ ਕੁਝ ਛੱਡ ਦਿੱਤਾ। ਆਪਣੇ ਘਰ ਦਾ ਸਮਾਨ ਲੈ ਕੇ ਕਿਧਰੇ ਚਲਾ ਗਿਆ ਅਤੇ ਨਵਜੋਤ ਸਿੰਘ ਦੀ ਲਾਸ਼ ਨਹਿਰ 'ਚੋਂ ਬਰਾਮਦ ਹੋਈ ਹੈ।
ਕਿਸਾਨ ਆਪਣੇ ਪਿੱਛੇ ਬਜ਼ੁਰਗ ਪਿਤਾ, ਇੱਕ ਭਰਾ, 5 ਸਾਲ ਦਾ ਬੱਚਾ ਅਤੇ ਇੱਕ ਵਿਧਵਾ ਪਤਨੀ ਛੱਡ ਗਿਆ ਹੈ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਬੈਣੀ ਬਾਘਾ ਨੇ ਕਿਹਾ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਲਗਾਤਾਰ ਜਾਰੀ ਹਨ ਅਤੇ ਇਸ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ।
ਦੇਸ਼ ਦਾ ਅੰਨਦਾਤਾ ਕਿਸਾਨ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ: ਅਲਵਿਦਾ-2021:ਪੂਰਾ ਸਾਲ ਗਰਮ ਰਹੀ ਪੰਜਾਬ ਦੀ ਸਿਆਸਤ