ਗੁਰਦਾਸਪੁਰ: ਬਟਾਲਾ ਦੇ ਪੁਲਿਸ ਥਾਣਾ ਕੋਟਲੀ ਸੂਰਤ ਮਲ੍ਹੀ 'ਚ ਇੱਕ ਏਐਸਆਈ ਕਰਨੈਲ ਸਿੰਘ ਦੀ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਪਣੀ ਹੀ ਰਾਈਫਲ ਸਾਫ ਕਰਦੇ ਗੋਲੀ ਚੱਲਣ ਕਾਰਨ ਏਐਸੀਆਈ ਦੀ ਮੌਤ ਹੋਈ ਹੈ, ਜਦੋਂਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਕਤਲ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਕਰਨੈਲ ਸਿੰਘ ਬਤੌਰ ਏਐਸਆਈ ਬਟਾਲਾ ਦੇ ਅਧੀਨ ਪੈਂਦੇ ਥਾਣਾ ਕੋਟਲੀ ਸੂਰਤ ਮਲ੍ਹੀ 'ਚ ਵਿਖੇ ਤਾਇਨਾਤ ਸੀ। ਕਰਨੈਲ ਸਿੰਘ ਦੀ ਪੈਟਰੋਲਿੰਗ ਡਿਊਟੀ ਸੀ ਇਸ ਦੌਰਾਨ ਉਸ ਦੀ ਗੋਲੀ ਲੱਗਣ ਨਾਲ ਅਚਾਨਕ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਅਧਿਕਾਰੀਆਂ ਉੱਤੇ ਗ਼ਲਤ ਤੱਥ ਪੇਸ਼ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਦਾ ਕਹਿਣਾ ਹੈ ਕਿ ਰਾਈਫਲ ਸਾਫ ਕਰਦੇ ਹੋਏ ਉਸ ਨੂੰ ਗੋਲੀ ਲੱਗ ਗਈ ਹੈ ਜਦੋਂਕਿ ਉਸ ਕੋਲ ਰਾਈਫਲ ਨਹੀਂ ਸਗੋਂ ਸਰਵਿਸ ਰਿਵਾਲਵਰ ਸੀ। ਮ੍ਰਿਤਕ ਦੇ ਪਰਿਵਾਰ ਨੇ ਇਸ ਨੂੰ ਹਾਦਸਾ ਨਹੀਂ ਸਗੋਂ ਕਤਲ ਹੋਣ ਦਾ ਖ਼ਦਸ਼ਾ ਦੱਸਿਆ ਹੈ।
ਪੁਲਿਸ ਅਧਿਕਾਰੀਆਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਹੈ। ਇਥੇ ਮ੍ਰਿਤਕ ਦੇ ਪਰਿਵਾਰ ਵੱਲੋਂ ਹੰਗਾਮਾ ਕਰਨ ਮਗਰੋਂ ਡੇਰਾ ਬਾਬਾ ਨਾਨਕ ਦੇ ਡੀਐਸਪੀ ਕੰਵਲਪ੍ਰੀਤ ਸਿੰਘ ਪੁੱਜੇ।
ਡੀਐਸਪੀ ਨੇ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਕ ਕਰਨੈਲ ਸਿੰਘ ਦੀ ਮੌਤ ਰਾਈਫਲ ਸਾਫ ਕਰਦੇ ਹੋਏ ਗੋਲੀ ਲੱਗਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਮੰਗ ਮੁਤਾਬਕ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋੋਸਾ ਦਿੱਤਾ।