ਸੰਗਰੂਰ: ਪਿੰਡ ਬੱਲਰਾਂ ਵਿਖੇ ਇੱਕ ਮਾਸਟਰ ਉੱਪਰ ਬੱਚਿਆਂ ਦੀ ਕੁੱਟਮਾਰ ਕਰਨ ਦੇ ਦੋਸ਼ ਲਾਉਂਦਿਆਂ ਪਿੰਡ ਵਾਸੀਆਂ ਨੇ ਉਸ ਨਸ਼ੇੜੀ ਘੋਸ਼ਿਤ ਕਰਦਿਆਂ ਡਿਸਮਿਸ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ ਸਕੂਲ ਨੂੰ ਜਿੰਦਰਾ ਲਾ ਕੇ ਸਟਾਫ ਅੰਦਰ ਬੰਦ ਕਰਦਿਆਂ ਹੋਏ ਨਾਅਰੇਬਾਜ਼ੀ ਵੀ ਕੀਤੀ ਹੈ। ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੱਚਿਆਂ ਦੇ ਮਾਪਿਆਂ ਨੇ ਮੀਡੀਆ ਨਾਲ ਗੱਲ ਕੀਤੀ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਵੱਲੋਂ ਇਸ 'ਤੇ ਕਾਰਵਾਈ ਕਰਣ ਦੀ ਮੰਗ ਕੀਤੀ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆ ਬੱਚਿਆਂ ਦੇ ਮਾਪਿਆਂ ਨੇ ਕਿਹਾ ਹੈ ਕਿ ਮਾਸਟਰ ਲਵਲੀਨ ਜੋ ਬਰੇਟਿਆਂ ਤੋਂ ਇੱਥੇ ਪੜ੍ਹਾਉਣ ਲਈ ਆਉਂਦਾ ਹੈ, ਚਿੱਟੇ ਦੇ ਨਸ਼ੇ ਨਾਲ ਹਰ ਸਮੇਂ ਟੁੰਨ ਰਹਿੰਦਾ ਹੈ। ਕਈ ਮਹੀਨਿਆਂ ਤੋਂ ਪੜ੍ਹਾਉਣ ਲਈ ਆਇਆ ਹੀ ਨਹੀਂ। ਸਗੋਂ ਆਪਣੀ ਥਾਂ ਤੇ 3500 ਰੁਪਏ ਮਹੀਨੇ ਵਿੱਚ ਇੱਕ ਅਸਿਸਟੈਂਟ ਰੱਖੀ ਹੋਈ ਹੈ। ਜੇਕਰ ਹੁਣ 2 ਅਪ੍ਰੈਲ ਤੋਂ ਆਉਣ ਲੱਗਾ ਹੈ ਤਾਂ ਉਦੋਂ ਤੋਂ ਕਿਸੇ ਬੱਚੇ ਨੂੰ ਨਹੀਂ ਪੜ੍ਹਾਇਆ।
ਮਾਸਟਰ 'ਤੇ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆ ਕਿਹਾ ਕਿ ਗਰਮੀ ਦੇ ਬਾਵਜੂਦ ਵੀ ਧੁੱਪੇ ਕੁਰਸੀ ਡਾਹ ਕੇ ਬੈਠ ਜਾਂਦਾ ਹੈ। ਇਸ ਨੇ ਕੱਲ੍ਹ ਚੌਥੀ ਕਲਾਸ ਦੇ ਬੱਚਿਆਂ ਨੂੰ ਬੇਤਹਾਸ਼ਾ ਕੁੱਟਦਿਆਂ ਅਤੇ ਗੁੱਝੀਆਂ ਸੱਟਾਂ ਮਾਰੀਆਂ ਹਨ। ਜਿਨ੍ਹਾਂ ਚੋਂ ਇੱਕ ਬੱਚੇ ਨੂੰ ਮੂਨਕ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ ਤੇ ਫਿਰ ਉਨ੍ਹਾਂ ਨੂੰ ਸੰਗਰੂਰ ਰੈਫਰ ਕੀਤਾ ਗਿਆ। ਇੱਕ ਬੱਚੇ ਦੇ ਸਿਰ 'ਚ ਸੱਟਾਂ ਮਾਰਨ ਕਾਰਨ ਚੰਡੀਗੜ੍ਹ ਤੋਂ ਐੱਮਆਰਆਈ ਵੀ ਕਰਵਾਉਣੀ ਪਈ ਹੈ। ਸਕੂਲ ਕਮੇਟੀ ਨੇ ਜੇਕਰ ਇਸ ਮਾਸਟਰ ਬਾਰੇ ਸਟਾਫ਼ ਕੋਲੋਂ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕੁਲਤਰਨ ਸਿੰਘ ਨੇ ਦੱਸਿਆ ਕਿ ਮੇਰੇ ਕੋਲ ਪ੍ਰਾਇਮਰੀ ਦਾ ਵਾਧੂ ਚਾਰਜ ਹੈ ਅਤੇ ਅੱਜ ਹੀ ਇਹ ਸ਼ਿਕਾਇਤ ਆਈ ਹੈ ਅਤੇ ਇਸ 'ਤੇ ਇਨਕੁਆਰੀ ਮਾਰਕ ਕਰ ਦਿੱਤੀ ਗਈ ਹੈ। ਪੁਲਿਸ ਕੋਲੋਂ ਵੀ ਇਸ ਸੰਬੰਧੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਅਤੇ ਕਾਰਵਾਈ ਬਣਦੀ ਹੋਵੇਗੀ ਉਹ ਕੀਤੀ ਜਾਵੇਗੀ। ਹੁਣ ਪੀੜਤ ਬੱਚਿਆਂ ਦੇ ਮਾਪੇ ਅਤੇ ਪਿੰਡ ਵਾਸੀ ਮੰਗ ਕਰ ਰਹੇ ਹਨ, ਕਿ ਜਦੋਂ ਤੱਕ ਦੋਸ਼ੀ ਮਾਸਟਰ ਲਵਲੀਨ ਅਤੇ ਡੀਓ ਇੱਥੇ ਨਹੀਂ ਆਉਂਦੇ ਤੇ ਇਸ ਅਧਿਆਪਕ ਨੂੰ ਡਿਸਮਿਸ ਨਹੀਂ ਕਰਦੇ, ਉਦੋਂ ਤੱਕ ਸਟਾਫ਼ ਨੂੰ ਅੰਦਰ ਹੀ ਬੰਦ ਰੱਖਿਆ ਜਾਵੇਗਾ। ਖਬਰ ਲਿਖੇ ਜਾਣ ਤੱਕ ਸਕੂਲ ਨੂੰ ਜਿੰਦਰਾ ਲਾਕੇ ਪਿੰਡ ਵਾਸੀਆਂ ਵੱਲੋਂ ਧਰਨਾ ਜਾਰੀ ਸੀ।
ਇਹ ਵੀ ਪੜ੍ਹੋ: ਔਰਤ ਤੇ ਨੌਜਵਾਨਾਂ ਨੇ NRI ਦੀ ਕੀਤੀ ਲੁੱਟ, ਕਾਰ ਲੈ ਕੇ ਹੋਏ ਫਰਾਰ