ਤਰਨ ਤਾਰਨ : ਹਲਕਾ ਖੇਮਕਰਨ ਸਾਹਿਬ ਦੇ ਪਿੰਡ ਜੋਧ ਸਿੰਘ ਵਾਲਾ ਵਿਖੇ ਇੱਕ ਨੌਜਵਾਨ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਵਜੋਂ ਹੋਈ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਕਤਲ ਦਾ ਖਦਸ਼ਾ ਪ੍ਰਗਟ ਕੀਤਾ ਹੈ।
ਮ੍ਰਿਤਕ ਦੀ ਮਾਂ ਅਤੇ ਪਤਨੀ ਨੇ ਪੁਲਿਸ ਨੂੰ ਆਪਣਾ ਬਿਆਨ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਰਪ੍ਰੀਤ ਦੇ ਮਾਸੜ 'ਤੇ ਖਦਸ਼ਾ ਹੈ। ਉਸ ਦਾ ਮਾਸੜ ਉਸ ਨਾਲ ਰੰਜਿਸ਼ ਰੱਖਦਾ ਸੀ ਅਤੇ ਗੁਰਪ੍ਰੀਤ ਦੇ ਉਸ ਦੀ ਮਾਮੀ ਨਾਲ ਨਜਾਇਜ਼ ਸਬੰਧ ਸਨ। ਗੁਰਪ੍ਰੀਤ ਦੀ ਮਾਮੀ ਅਤੇ ਮਾਸੜ ਦੋਹਾਂ ਨੇ ਰਲ ਕੇ ਗੁਰਪ੍ਰੀਤ ਦਾ ਕਤਲ ਕੀਤਾ ਅਤੇ ਉਸ ਦੀ ਲਾਸ਼ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਨੇੜੇ ਸੁੱਟ ਕੇ ਨਸ਼ੇ ਨਾਲ ਉਸ ਦੀ ਮੌਤ ਹੋਣ ਦੀ ਗੱਲ ਲੋਕਾਂ ਨੂੰ ਦੱਸੀ ਹੈ।
ਇਸ ਮਾਮਲੇ ਬਾਰੇ ਦੱਸਦੇ ਡੀਐਸਪੀ ਸੁਲੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ। ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫ਼ਿਲਹਾਲ ਪੁਲਿਸ ਮਾਮਲਾ ਦਰਜ ਕਰਕੇ ਨੌਜਵਾਨ ਦੀ ਮੌਤ ਦੇ ਸਹੀ ਕਾਰਨਾਂ ਨੂੰ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਲਗੀ ਹੋਈ ਹੈ।