ਤਰਨਤਾਰਨ : ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬਲੇਹਰ ਵਿੱਚ ਸਮੈਕ ਦਾ ਧੰਦਾ ਜ਼ੋਰਾ-ਸ਼ੋਰਾ ਉੱਤੇ ਚੱਲ ਰਿਹਾ ਹੈ ਅਤੇ ਨਸ਼ੇ ਦਾ ਇਹ ਧੰਦਾ ਕਰਨ ਵਾਲੇ ਸ਼ਰ੍ਹੇਆਮ ਸਾਰਾ ਦਿਨ ਪਿੰਡ ਵਿੱਚ ਸਮੈਕ ਵੇਚਦੇ ਰਹਿੰਦੇ ਹਨ। ਥਾਣਾ ਭਿੱਖੀਵਿੰਡ ਦੀ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਹੋਣ ਕਰਕੇ ਨਸ਼ਾ ਤਸਕਰਾਂ ਦੇ ਹੋਸਲੇ ਬੁਲੰਦ ਹਨ।
ਪਿੰਡ ਵਿੱਚ ਸ਼ਰੇਆਮ ਨਸ਼ਾ ਤਸਕਰੀ ਕਰਨ ਦੀ ਤਾਜ਼ਾ ਮਿਸਾਲ ਪਿੰਡ ਬਲੇਹਰ ਤੋਂ ਸਾਹਮਣੇ ਆਉਂਦੀ ਹੈ। ਜਿੱਥੇ ਹਰਜੀਤ ਸਿੰਘ ਨਾਮਕ ਨੌਜਵਾਨ ਵੱਲੋਂ ਆਪਣੇ ਹੀ ਘਰ ਦੇ ਬਾਥਰੂਮ ਵਿੱਚ ਸਮੈਕ ਦਾ ਟੀਕਾ ਲਾਉਣ ਤੇ ਬੇਹੋਸ਼ ਪਏ ਨੂੰ ਉਸ ਦੇ ਪਰਿਵਾਰ ਵੱਲੋਂ ਡਾਕਟਰ ਕੋਲ ਲਿਜਾ ਕੇ ਬਚਾ ਲਿਆ ਲੈਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਸਮੈਕ ਵਿਕਰੇਤਾ ਖਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪਹੁੰਚੇ ਹਰਜੀਤ ਸਿੰਘ ਦੀ ਪਤਨੀ ਬਲਜੀਤ ਕੌਰ ਉਸ ਦੇ ਪਿਤਾ ਬਲਦੇਵ ਸਿੰਘ ਅਤੇ ਪਿੰਡ ਵਾਸੀ ਸੁੱਚਾ ਸਿੰਘ, ਨੇ ਦੱਸਿਆ ਕਿ ਹਰਜੀਤ ਸਿੰਘ, ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਨਸ਼ੇ ਦਾ ਆਦੀ ਹੈ।
ਜਿਸ ਦਾ ਉਹਨਾਂ ਵੱਲੋਂ ਕਈ ਵਾਰ ਇਲਾਜ ਕਰਵਾਇਆ ਪਰ ਫਿਰ ਜਦੋਂ ਤਕ ਸਾਡੇ ਪਿੰਡ ਸ਼ਰੇਆਮ ਨਸ਼ਾ ਵਿਕਦਾ ਹੈ ਤਾਂ ਉਹ ਫਿਰ ਨਸ਼ਾ ਕਰਨ ਲੱਗ ਜਾਂਦਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਹਰਜੀਤ ਸਿੰਘ ਨੂੰ ਕਿਸੇ ਕੰਮ ਲਈ ਲੱਭ ਰਹੇ ਸੀ ਤਾਂ ਜਦੋਂ ਕਿਤੇ ਨਾ ਲੱਭਾ ਤਾਂ ਅਸੀਂ ਵੇਖਿਆ ਕਿ ਬਾਥਰੂਮ ਦਾ ਬੂਹਾ ਬੰਦ ਹੈ, ਜਦੋਂ ਬੂਹਾ ਖੜਕਾਇਆ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ। ਜਿਸ 'ਤੇ ਅਸੀਂ ਆਸੇ-ਪਾਸੇ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਬਾਥਰੂਮ ਦੀ ਕੁੰਡੀ ਤੋੜ ਦਿੱਤੀ ਅਤੇ ਦੇਖਿਆ ਕਿ ਅੰਦਰ ਹਰਜੀਤ ਸਿੰਘ ਅੱਧ ਮਰਿਆ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ। ਜਿਸ ਨੇ ਨਸ਼ੇ ਦਾ ਟੀਕਾ ਲਾਇਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਅਸੀਂ ਉਸ ਨੂੰ ਚੁੱਕ ਕੇ ਪਿੰਡ ਵਿੱਚ ਹੀ ਕਿਸੇ ਡਾਕਟਰ ਕੋਲ ਲੈ ਕੇ ਗਏ, ਜਿਸ ਨੇ ਉਸ ਦਾ ਇਲਾਜ ਕੀਤਾ ਅਤੇ ਹਰਜੀਤ ਸਿੰਘ ਦੀ ਜਾਨ ਬਚ ਗਈ। ਹਰਜੀਤ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਕਿਹਾ ਹਰਜੀਤ ਸਿੰਘ ਦਾ ਮੋਬਾਈਲ ਫੜ ਕੇ ਮੈਂ ਉਸ ਵਿੱਚੋਂ ਨਸ਼ਾ ਵਿਕਰੇਤਾ ਦਾ ਨੰਬਰ ਡਾਇਲ ਕੀਤਾ ਤਾਂ ਜਦੋਂ ਮੈਂ ਨਸ਼ਾ ਵਿਕਰੇਤਾ ਨੂੰ ਕਿਹਾ ਕਿ "ਤੂੰ ਨਸ਼ਾ ਕਿਉਂ ਹਰਜੀਤ ਸਿੰਘ ਨੂੰ ਦਿੱਤਾ, ਤਾਂ ਉਸ ਨੇ ਕਿਹਾ ਕਿ "ਮੈਂ ਨਸ਼ਾ ਵੇਚਣਾ ਹੈ ਤੁਸੀਂ ਜੋ ਕਰਨਾ ਹੈ ਕਰ ਲਓ।"
ਉਨ੍ਹਾਂ ਨਸ਼ਾ ਵਿਕਰੇਤਾ ਖ਼ਿਲਾਫ਼ ਥਾਣਾ ਭਿੱਖੀਵਿੰਡ ਦੀ ਪੁਲਸ ਨੂੰ ਲਿਖਤੀ ਦਰਖਾਸਤ ਦੇ ਕੇ ਮੰਗ ਕੀਤੀ ਕਿ ਪਿੰਡ ਬਲੇਹਰ ਵਿਖੇ ਵੱਡੀ ਪੱਧਰ 'ਤੇ ਨਸ਼ਾ ਵਿਕਦਾ ਹੈ। ਪੁਲਿਸ ਪ੍ਰਸ਼ਾਸਨ ਜਲਦੀ ਕਾਰਵਾਈ ਕਰੇ ਤਾਂ ਜੋ ਪਿੰਡ ਦੇ ਨੌਜਵਾਨ ਜੋ ਮੌਤ ਦੇ ਮੂੰਹ ਵਿੱਚ ਜਾਂਦੇ ਹਨ, ਉਹ ਬਚ ਸਕਣ।
ਇਸ ਸੰਬੰਧੀ ਪੁਲਿਸ ਚੌਕੀ ਸੁਰਸਿੰਘ ਦੇ ਇੰਚਾਰਜ ਨਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਬਲੇਹਰ ਦੇ ਕੁਝ ਲੋਕ ਸ਼ਿਕਾਇਤ ਲੈ ਕੇ ਆਏ ਹਨ। ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਕਿਸੇ ਵੀ ਨਸ਼ਾ ਵਿਕਰੇਤਾ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਸੁਰੱਖਿਆ ਕਟੌਤੀ ਦਾ ਗਰਮਾਇਆ ਮੁੱਦਾ, ਵਿਰੋਧੀਆਂ ਦੇ ਨਿਸ਼ਾਨੇ 'ਤੇ ਸਰਕਾਰ