ਤਰਨਤਾਰਨ: ਕੋਰੋਨਾ ਵਾਇਰਸ ਭਾਰਤ 'ਚ ਆਪਣੇ ਪੈਰ ਪਸਾਰ ਚੁੱਕਿਆ ਹੈ। ਜ਼ਿਲ੍ਹੇ ਦੇ ਨੇੜਲੇ ਪਿੰਡ ਨੂਰਦੀ ਦੇ ਇੱਕ ਸ਼ੱਕੀ ਮਰੀਜ਼ ਨੂੰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ 22 ਸਾਲਾ ਨੌਜਵਾਨ ਹਰਮਨਦੀਪ ਸਿੰਘ ਬੀਤੇ ਦਿਨੀਂ 28 ਫਰਵਰੀ ਨੂੰ ਕਤਰ ਦੇਸ਼ ਤੋ ਵਾਪਸ ਆਇਆ ਸੀ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਘਰ 'ਚ ਰਹਿ ਰਿਹਾ ਸੀ।
ਹਰਮਨਦੀਪ ਸਿੰਘ ਬੁਖਾਰ ਅਤੇ ਖਾਂਸੀ ਹੋਣ ਦੇ ਚੱਲਦੇ ਖ਼ੁਦ ਆਪਣੇ ਇਲਾਜ ਤੇ ਹੋਰ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਤਰਨਤਾਰਨ ਪੁੱਜਾ, ਜਿੱਥੇ ਉਸਨੂੰ ਆਈਸੋਲੇਸ਼ਨ ਰੂਮ ਵਿੱਚ ਰੱਖਿਆ ਗਿਆ ਹੈ। ਹਰਮਨਦੀਪ ਦੇ ਟੈਸਟ ਲੈ ਕੇ ਮੈਡੀਕਲ ਲੈਬ ਅੰਮ੍ਰਿਤਸਰ ਭੇਜ ਦਿੱਤੇ ਹਨ। ਹੁਣ ਹਰਮਨਦੀਪ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਿਤ ਹੈ ਜਾਂ ਉਸ ਨੂੰ ਵਾਇਰਲ ਬੁਖਾਰ ਹੈ।
ਇਸ ਬਾਰੇ ਤਰਨਤਾਰਨ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦਸਿਆ ਕਿ ਇਹ ਨੌਜਵਾਨ ਤਰਨਤਾਰਨ ਦੇ ਪਿੰਡ ਨੂਰਦੀ ਦਾ ਰਹਿਣ ਵਾਲਾ ਹੈ ਅਤੇ ਇਹ 28 ਫਰਵਰੀ ਨੂੰ ਕਤਰ ਦੇਸ਼ ਤੋ ਵਾਪਸ ਆਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਇਸ ਦੀ ਮੈਡੀਕਲ ਰਿਪੋਰਟ ਪੋਜ਼ੀਟਿਵ ਪਾਈ ਗਈ ਤਾਂ ਇਸ ਦੇ ਪਰਿਵਾਰ ਅਤੇ ਹੋਰ ਸੰਪਰਕ ਵਿੱਚ ਆਏ ਲੋਕਾਂ ਦੀ ਵੀ ਜਾਂਚ ਕੀਤੀ ਜਾਵੇਗੀ।