ਤਰਨ-ਤਾਰਨ : ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਸਬਾ ਝਬਾਲ ਵਿਖੇ ਦੌਰੇ 'ਤੇ ਪੁਜੇ। ਇਥੇ ਉਨ੍ਹਾਂ ਨੇ ਕੋਆਪ੍ਰੇਟਿਵ ਬੈਂਕ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਕੰਮ 'ਚ ਆ ਰਹੀਆਂ ਪਰੇਸ਼ਾਨੀਆਂ ਨੂੰ ਸੁਣਿਆ।
ਸੁਖਜਿੰਦਰ ਸਿੰਘ ਰੰਧਾਵਾ ਕੋਆਪ੍ਰੇਟਿਵ ਬੈਂਕ ਦੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਹੀ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਬਲਿਕ ਮੀਟਿੰਗ ਕੀਤੀ। ਇਸ ਪਬਲਿਕ ਮੀਟਿੰਗ ਦੇ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਿਆ ਅਤੇ ਉਨ੍ਹਾਂ ਦੀ ਲੋੜ ਮੁਤਾਬਕ ਜਲਦ ਤੋਂ ਜਲਦ ਸਰਕਾਰੀ ਮਦਦ ਦਿੱਤੇ ਜਾਣ ਦਾ ਭਰੋਸਾ ਦਿੱਤਾ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਫਿਰੋਜ਼ਪੁਰ ਤੋਂ ਗੁਰਦਾਸਪੁਰ ਤੱਕ ਦੀਆਂ ਕੋਆਪਰੇਟਿਵ ਸੁਸਾਇਟੀਆਂ ਅਤੇ ਕੋਆਪ੍ਰੇਟਿਵ ਬੈਂਕ ਘਾਟੇ 'ਚ ਹਨ। ਇਸ ਸਬੰਧੀ ਉਨ੍ਹਾਂ ਨੇ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਵੀ ਸੱਦੀ ਹੈ। ਇਸ ਮੀਟਿੰਗ 'ਚ ਕੋਆਪਰੇਟਿਵ ਸੁਸਾਇਟੀ ਅਤੇ ਬੈਕਾਂ ਨੂੰ ਸੁਚਾਰੂ ਢੰਗ ਨਾਲ ਚਲਾਉਂਣ ਉੱਤੇ ਖ਼ਾਸ ਚਰਚਾ ਹੋਵੇਗੀ।
ਹੋਰ ਪੜ੍ਹੋ : ਲੁੱਟ-ਖੋਹ ਦੀ ਵੱਡੀ ਵਾਰਦਾਤ ਨੂੰ ਰੋਕਣ 'ਚ ਟਾਂਡਾ ਪੁਲਿਸ ਨੇ ਹਾਸਲ ਕੀਤੀ ਸਫ਼ਲਤਾ
ਰੰਧਾਵਾ ਨੇ ਕਿਹਾ ਕਿ ਕੋਆਪ੍ਰੇਟਿਵ ਬੈਕਾਂ ਦੀ ਰਿਕਵਰੀ ਵੀ ਬਹੁਤ ਘੱਟ ਹੈ। ਇਸ ਦਾ ਮੁੱਖ ਕਾਰਨ ਸਰਕਾਰ ਦੇ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਲੋਕਾਂ ਵੱਲੋਂ ਬੈਂਕ ਦੀਆਂ ਕਿਸ਼ਤਾਂ ਨਾ ਮੋੜਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਦੇ ਪਿੰਡਾਂ 'ਚ ਮਲਟੀਪਰਪਸ ਸੁਸਾਇਟੀਆਂ ਬਣਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਇਨ੍ਹਾਂ ਮਲਟੀਪਰਪਸ ਸੁਸਾਇਟੀਆਂ 'ਚ ਕੁੱਝ ਕੰਪਨੀਆਂ ਨੂੰ ਵੀ ਨਿਵੇਸ਼ ਲਈ ਸੱਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਨੂੰ ਫਤਹਿਗੜ੍ਹ ਸਾਹਿਬ 'ਚ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਚਲਾਇਆ ਗਿਆ ਹੈ ਅਤੇ ਜਲਦ ਹੀ ਤਰਨ-ਤਾਰਨ ਵਿੱਚ ਵੀ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਬੈਕਾਂ ਦੇ ਘਾਟੇ ਨੂੰ ਲੈ ਕੇ ਆਖਿਆ ਕਿ ਜਲਦ ਹੀ ਪੰਜਾਬ ਸਰਕਾਰ ਵੱਲੋਂ ਇਸ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲਾਟਰੀਆਂ ਵੀ ਸੁਸਾਇਟੀ ਵੱਲੋਂ ਵੇਚ ਕੇ ਮਾਲੀਆ ਇੱਕਠਾ ਕੀਤਾ ਜਾਵੇਗਾ।