ਤਰਨਤਾਰਨ: ਕਸਬਾ ਪੱਟੀ ਦੇ ਕੁੱਲਾ ਚੌਕ ਵਿਖੇ ਗੈਰਕਾਨੂੰਨੀ ਢੰਗ ਨਾਲ ਚੱਲ ਰਹੀਆਂ ਮੋਟਰ ਸਾਈਕਲ ਰੇਹੜੀਆਂ ਨੂੰ ਬੰਦ ਕਰਵਾਉਣ ਲਈ ਛੋਟੇ ਹਾਥੀ ਵਾਲਿਆਂ ਵੱਲੋਂ ਧਰਨਾ ਦਿੱਤਾ ਗਿਆ। ਇਸ ਦੌਰਾਨ ਉਥੋਂ ਲੰਘ ਰਹੀਆਂ ਬੱਸਾਂ ਵਾਲਿਆਂ ਅਤੇ ਹੋਰ ਲੋਕਾਂ ਨੇ ਇਸ ਧਰਨੇ ਦਾ ਵਿਰੋਧ ਕਰ ਦਿੱਤਾ। ਜਿਸ ਕਾਰਨ ਬੱਸਾਂ ਵਾਲਿਆਂ ਵਿੱਚ ਅਤੇ ਛੋਟੇ ਹਾਥੀ ਵਾਲਿਆਂ ਵਿਚ ਮਾਮੂਲੀ ਤਕਰਾਰ ਵੀ ਹੋ ਗਈ।
ਇਸ ਮਾਮਲੇ ਦੇ ਵੱਧਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਛੋਟੇ ਹਾਥੀ ਵਾਲਿਆਂ ਨੂੰ ਭਰੋਸਾ ਦੇ ਕੇ ਇਹ ਧਰਨਾ ਸਮਾਪਤ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਛੋਟੇ ਹਾਥੀ ਦੇ ਮਾਲਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੋਟਰਸਾਈਕਲ ਰੇਹੜੀਆਂ ਨੂੰ ਆਜ਼ਾਦੀ ਦਿੱਤੀ ਹੋਈ ਹੈ ਅਤੇ ਟੈਕਸ ਭਰਨ ਵਾਲੇ ਛੋਟੇ ਹਾਥੀਆਂ ’ਤੇ ਪਾਬੰਦੀ ਲਾਈ ਹੈ।
ਉਨ੍ਹਾਂ ਕਿਹਾ ਕਿ ਛੋਟੇ ਹਾਥੀ ਵਾਲੇ ਸਾਰਾ ਟੈਕਸ ਵੀ ਹਰ ਸਾਲ ਭਰਦੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਟ੍ਰੈਫਿਕ ਪੁਲਸ ਵਲੋਂ ਥਾਂ-ਥਾਂ ਤੇ ਰੋਕ ਕੇ ਉਨ੍ਹਾਂ ਦੇ ਚਲਾਨ ਕੀਤੇ ਜਾਂਦੇ ਹਨ ਪਰ ਦੂਜੇ ਪਾਸੇ ਮੋਟਰਸਾਈਕਲ ਰੇਹੜੀ ਵਾਲਿਆਂ ਨੂੰ ਨਾ ਤਾਂ ਕੋਈ ਟ੍ਰੈਫਿਕ ਪੁਲਿਸ ਵਾਲਾ ਰੋਕਦਾ ਹੈ ਅਤੇ ਨਾ ਹੀ ਉਸ ਤੋਂ ਕੋਈ ਸਰਕਾਰੀ ਟੈਕਸ ਲਿਆ ਜਾਂਦਾ ਹੈ।
ਛੋਟੇ ਹਾਥੀ ਵਾਲਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਟੈਕਸ ਵੀ ਮਾਫ ਕੀਤਾ ਜਾਵੇ ਨਹੀਂ ਤਾਂ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਉਹ ਆਪਣਾ ਸਾਰਾ ਟੈਕਸ ਸਰਕਾਰ ਨੂੰ ਸਮੇਂ ਸਿਰ ਭਰ ਸਕਣ ਉਨ੍ਹਾਂ ਕਿਹਾ ਕਿ ਮੋਟਰਸਾਈਕਲ ਰੇਹੜੀਆਂ ਵਾਲੇ ਜਿੱਥੇ 100-200 ਰੁਪਏ ਵਿਚ ਲੋਕਾਂ ਦਾ ਮਾਲ ਢੋਅ ਰਹੇ ਹਨ ਉੱਥੇ ਇਹ ਛੋਟੇ ਹਾਥੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਮੌਕੇ ’ਤੇ ਪਹੁੰਚੇ ਥਾਣਾ ਸਿਟੀ ਦੇ ਐਸਆਈ ਨਾਰਾਇਣ ਸਿੰਘ ਨੇ ਦੱਸਿਆ ਕਿ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾ ਕੇ ਐੱਸ ਡੀ ਐੱਮ ਪੱਟੀ ਨੂੰ ਮੰਗ ਪੱਤਰ ਦੇਣ ਲਈ ਭੇਜ ਦਿੱਤਾ ਗਿਆ ਹੈ ਅਤੇ ਇਹ ਧਰਨਾ ਸਮਾਪਤ ਕਰਾ ਦਿੱਤਾ ਗਿਆ ਹੈ।
ਇਹ ਵੀ ਪੜੋ: ਪਟਿਆਲਾ ਦੇ ਹਾਲਾਤਾਂ ਤੋਂ ਬਾਅਦ ਅੰਮ੍ਰਿਤਸਰ ’ਚ ਪੁਲਿਸ ਮੂਸਤੈਦ