ਤਰਨ ਤਾਰਨ: ਸਿੱਖ ਇਤਿਹਾਸ ਸਿਦਕੀ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ। ਇਸ ਨਾਲ ਸਬੰਧਤ ਅਜਿਹੇ ਹੀ ਅਮਰ ਸ਼ਹੀਦ ਭਾਈ ਤਾਰੂ ਸਿੰਘ ਵੀ ਹਨ, ਜਿਨ੍ਹਾਂ ਨੇ ਕੇਸਾਂ ਸੁਆਸਾਂ ਨਾਲ ਸਿੱਖੀ ਨਿਭਾਈ ਤੇ ਕੁਰਬਾਨੀ ਦਿੱਤੀ। 9 ਅਕਤੂਬਰ ਨੂੰ ਭਾਈ ਤਾਰੂ ਸਿੰਘ ਦੀ 300 ਸਾਲਾ ਸ਼ਤਾਬਦੀ ਹੈ। ਭਾਈ ਤਾਰੂ ਸਿੰਘ ਦੀ 300 ਸਾਲਾ ਸ਼ਤਾਬਦੀ ਮਨਾਉਣ ਸਬੰਧੀ ਐਸਜੀਪੀਸੀ ਦੇ ਮੈਂਬਰਾਂ ਨੇ ਵਿਸ਼ੇਸ਼ ਮੀਟਿੰਗ ਕੀਤੀ।
ਭਾਈ ਤਾਰੂ ਸਿੰਘ ਦੀ 300 ਸਾਲਾ ਜਨਮ ਸ਼ਤਾਬਦੀ ਜੋ ਕਿ 9 ਅਕਤੂਬਰ ਨੂੰ ਆ ਰਹੀ ਹੈ। ਇਸ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਗੁਰਦੁਆਰਾ ਜਨਮ ਅਸਥਾਨ ਸਹੀਦ ਭਾਈ ਤਾਰੂ ਸਿੰਘ ਪੂਹਲਾ ਵਿਖੇ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਕੋਹਨਾ ਦੀ ਅਗਵਾਈ 'ਚ ਕੀਤੀ ਗਈ। ਇਸ ਮੀਟਿੰਗ 'ਚ ਐਸਜੀਪੀਸੀ ਦੇ ਮੈਂਬਰ, ਸਿੱਖ ਪ੍ਰਚਾਰਕ ਤੇ ਰਾਗੀ ਢਾਡੀ ਜੱਥੇ ਤੇ ਕਵੀਸ਼ਰ ਸ਼ਾਮਲ ਹੋਏ।
ਇਸ ਮੀਟਿੰਗ ਬਾਰੇ ਦੱਸਦੇ ਹੋਏ ਐਸਜੀਪੀਸੀ ਮੈਂਬਰ ਮਨਜੀਤ ਸਿੰਘ ਕੋਹਨਾ ਨੇ ਦੱਸਿਆ ਕਿ ਐਸਜੀਪੀਸੀ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਦੀ 300 ਸਾਲਾ ਸ਼ਤਾਬਦੀ ਧੂਮਧਾਮ ਨਾਲ ਮਨਾਈ ਜਾਵੇਗੀ। ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਵੱਖ-ਵੱਖ ਥਾਵਾਂ ਉੱਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਤੇ ਸਿੱਖੀ ਸਿੱਦਕ ਘਰ-ਘਰ ਪਹੁਚਾਉਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿੱਖੀ ਤੋਂ ਦੂਰ ਹੋਏ ਨੌਜਵਾਨਾਂ ਨੂੰ ਕੇਸ ਤੇ ਦਾੜਾ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ ਤੇ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਛੋਟੇ ਬੱਚੇ ਸਿੱਖੀ ਨਾਲ ਜੁੜਨਗੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਜਾਵੇਗੀ।