ਤਰਨ ਤਾਰਨ : ਕਸਬਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸਲਾਨਾ ਜੋੜ ਮੇਲਾ ਸ਼ੁਰੂ ਹੋ ਚੁੱਕਿਆ ਹੈ। ਇਸ ਮੌਕੇ ਇਤਿਹਾਸਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਦੂਰੋਂ- ਦੂਰੋਂ ਸੰਗਤਾ ਪੁੱਜ ਰਹੀਆਂ ਹਨ।
ਇਹ ਸਲਾਨਾ ਮੇਲਾ ਬੜੇ ਹੀ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸੰਪਨ ਹੋਇਆ। ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਥੇ ਨਤਮਸਤਕ ਹੋਣ ਪੁਜੀਆਂ। ਰਾਗੀ ਅਤੇ ਢਾਡੀ ਜੱਥਿਆਂ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪੁਰਾਤਨ ਰਵਾਇਤਾਂ ਮੁਤਾਬਕ ਇਥੇ ਸੰਗਤਾਂ ਵੱਲੋਂ ਮਿੱਸੇ ਪ੍ਰਸ਼ਾਦੇ, ਗੰਡੇ ਲੱਸੀ ਅਤੇ ਦਹੀ ਚੜਾ ਕੇ ਪੁੱਤਰ ਦੀ ਦਾਤ ਮੰਗੀ ਜਾਂਦੀ ਹੈ।
ਇਤਿਹਾਸਕ ਮਹੱਤਤਾ :
ਇਸ ਇਤਿਹਾਸਕ ਸਥਾਨ ਉੱਤੇ ਮਾਤਾ ਗੰਗਾਜੀ ਵੱਲੋ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਪੁੱਤਰ ਦੀ ਦਾਤ ਮੰਗੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁੱਤਰ ਦੀ ਦਾਤ ਵਜੋਂ ਮੀਰੀ- ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਦਾ ਵਰ ਪ੍ਰਾਪਤ ਹੋਇਆਂ ਸੀ।
ਇਸ ਮੇਲੇ ਦੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐਸਜੀਪੀਸੀ ਵੱਲੋਂ ਸੰਗਤਾਂ ਦੀ ਸਹੂਲਤਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਲਈ ਲੰਗਰ, ਰਹਿਣ ਦਾ ਪ੍ਰਬੰਧ ਅਤੇ ਮੈਡੀਕਲ ਸਹੂਲਤਾਂ ਉਪਲਬਧ ਕਰਵਾਇਆ ਗਈਆਂ ਹਨ। ਇਸ ਮੌਕੇ ਸੰਗਤਾਂ ਤੋਂ ਇਲਾਵਾ ਕਈ ਸਿਆਸੀ ਆਗੂ ਅਤੇ ਐਸਜੀਪੀਸੀ ਦੇ ਮੈਂਬਰ ਨਤਮਸਤਕ ਹੋਣ ਪੁਜੇ।