ਤਰਨ ਤਾਰਨ : ਪੇਂਡੂ ਖੇਤਰਾਂ 'ਚ ਸਥਿਤ ਪੇਂਡੂ ਹੈਲਥ ਫਾਰਮੈਸੀ ਸਮੂਹ ਦੇ ਅਫਸਰਾਂ ਤੇ ਵਰਕਰਾਂ ਨੇ ਪੇਂਡੂ ਵਿਕਾਸ ਭਵਨ ਦੇ ਬਾਹਰ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਫਾਰਮਿਸਟਾਂ ਨੇ ਇਹ ਰੋਸ ਪ੍ਰਦਰਸ਼ਨ ਆਪਣੀਆਂ ਹੱਕੀ ਮੰਗਾਂ ਤੇ ਕੱਚੇ ਵਰਕਰਾਂ ਨੂੰ ਪੱਕੇ ਕੀਤੇ ਜਾਣ ਨੂੰ ਲੈ ਕੇ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਦਾ ਪੁਤਲਾ ਸਾੜਿਆ ਤੇ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪੇਂਡੂ ਹੈਲਥ ਫਾਰਮੈਸੀ ਦੇ ਸੂਬਾ ਚੇਅਰਮੈਨ ਹਰਿੰਦਰ ਸਿੰਘ ਨੇ ਕਿਹਾ ਕਿ ਸਾਲ 2006 'ਚ ਕੈਪਟਨ ਸਰਕਾਰ ਦੌਰਾਨ ਸਾਰੇ ਕਰਮਚਾਰੀਆਂ ਨੂੰ ਜ਼ਿਲ੍ਹਾ ਪਰੀਸ਼ਦ ਦੇ ਅਧੀਨ ਭਰਤੀ ਕੀਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਅਜੇ ਤੱਕ ਭਰਤੀ ਕੀਤੇ ਗਏ ਸਾਰੇ ਵਰਕਰ ਤੇ ਅਫ਼ਸਰ ਫਰੰਟ ਲਾਈਨ, ਫੀਲਡ ਵਿੱਚ ਆਪੋ- ਆਪਣੀ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਨਾਂ ਹੀ ਗੁਜਾਰੇ ਯੋਗ ਤਨਖ਼ਾਹ ਦਿੱਤੀ ਜਾ ਰਹੀ ਹੈ। ਹਰਿੰਦਰ ਸਿੰਘ ਨੇ ਕਿਹਾ ਕਿ ਘੱਟ ਤਨਖ਼ਾਹ ਮਿਲਣ ਦੇ ਕਾਰਨ ਹੁਣ ਸਾਡੇ ਪਰਿਵਾਰਾਂ ਲਈ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਹੈ। ਸੂਬਾ ਚੇਅਰਮੈਨ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਦੌਰਾਨ ਵੀ ਫਾਰਮੈਸੀ ਵਰਕਰ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ਪਰ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਵਰਿੰਦਰ ਭਾਟੀਆ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੇਂਡੂ ਹੈਲਥ ਫਾਰਮੈਸੀ ਦੇ ਵਰਕਰਾਂ ਨੂੰ ਪੱਕੇ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ। ਸਰਕਾਰ ਬਣਨ ਮਗਰੋਂ ਪਿਛਲੇ ਤਿੰਨ ਸਾਲਾਂ ਤੋਂ ਮਹਿਜ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਰਕਾਰ ਉਨ੍ਹਾਂ ਤੋਂ ਸਾਰੀਆਂ ਐਮਰਜੈਂਸੀ ਸੇਵਾਵਾਂ ਤਾਂ ਲੈ ਰਹੀ ਹੈ, ਪਰ ਉਨ੍ਹਾਂ ਨੂੰ ਪੱਕਾ ਕੀਤੇ ਜਾਣ ਬਾਰੇ ਨਹੀਂ ਸੋਚ ਰਹੀ। ਵਰਿਦੰਰ ਨੇ ਆਖਿਆ ਕਿ ਮਹਿੰਗਾਈ ਦੇ ਚਲਦੇ ਘੱਟ ਤਨਖ਼ਾਹਾਂ 'ਚ ਗੁਜ਼ਾਰਾ ਕਰਨਾ ਬੇਹਦ ਔਖਾ ਹੈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵੱਲੋਂ ਮੰਗਾਂ ਨਾਂ ਮੰਨੇ ਜਾਣ 'ਤੇ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ।