ਤਰਨ ਤਾਰਨ : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਤੇ ਪੰਜਾਬ ਸਰਕਾਰ ਵੱਲੋਂ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚਲਦੇ ਹਲਕਾ ਖੇਮਕਰਨ ਦੇ ਪਿੰਡ ਮਹਿੰਦੀਪੁਰ ਤੇ ਨੇੜਲੇ ਪਿੰਡਾਂ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ 40 ਸ਼ਰਧਾਲੂ ਉਥੇ ਫਸ ਗਏ ਹਨ।
ਇਸ ਬਾਰੇ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਖੇਮਕਰਨ ਦੇ ਕਈ ਪਿੰਡਾਂ ਦੇ ਲੋਕ ਇੱਕਠੇ ਹੋ ਕੇ ਹਰ ਸਾਲ ਪਵਿੱਤਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਂਦੇ ਹਨ। ਇਸ ਵਾਰ ਵੀ 40-50 ਸ਼ਰਧਾਲੂ ਇੱਕਠੇ ਹੋ ਕੇ ਬੱਸਾਂ ਤੇ ਗੱਡੀਆਂ ਰਾਹੀਂ ਪੱਵਿਤਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਕੋਰੋਨਾ ਵਾਇਰਸ ਦੇ ਚਲਦੇ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਤੇ ਸੂਬਾ ਸਰਕਾਰ ਵੱਲੋਂ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਇਸ ਦੇ ਚਲਦਿਆਂ ਸ੍ਰੀ ਹਜ਼ੂਰ ਸਾਹਿਬ 'ਚ ਖੇਮਕਰਨ ਦੇ ਸ਼ਰਧਾਲੂ ਫਸ ਗਏ ਹਨ।
ਹੋਰ ਪੜ੍ਹੋ :ਚੰਡੀਗੜ੍ਹ: ਲੋੜਵੰਦ ਬੱਚਿਆਂ ਨੂੰ ਪੁਲਿਸ ਨੇ ਵੰਡੇ ਸੈਨੀਟਾਈਜ਼ਰ ਤੇ ਪੀਜ਼ਾ
ਲੋਕਾਂ ਨੇ ਦੱਸਿਆ ਕਿ ਇਸ ਸ਼ਰਧਾਲੂ ਜਥੇ 'ਚ ਬੱਚੇ, ਬਜ਼ੁਰਗ, ਆਦਮੀ ਤੇ ਔਰਤਾਂ ਸ਼ਾਮਲ ਹਨ। ਉਥੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਮਿਲ ਰਹੀ ਤੇ ਉਨ੍ਹਾਂ ਕੋਲੋ ਪੈਸੇ ਵੀ ਖ਼ਤਮ ਹੋ ਚੁੱਕੇ ਹਨ। ਇਸ ਕਾਰਨ ਉਹ ਵਾਪਸ ਘਰ ਮੁੜਨ ਲਈ ਅਸਮਰਥ ਹਨ ਤੇ ਉਨ੍ਹਾਂ ਨੂੰ ਉਥੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦੇ ਪੀੜਤ ਪਰਿਵਾਰਾਂ ਨੇ ਸੂਬਾ ਤੇ ਕੇਂਦਰ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਕਿਸੇ ਵੀ ਤਰੀਕੇ ਨਾਲ ਉਥੇ ਫਸੇ ਸ਼ਰਧਾਲੂਆਂ ਦੀ ਮਦਦ ਕਰੇ ਤਾਂ ਜੋ ਉਹ ਸੁਰੱਖਿਤ ਆਪਣੇ ਘਰ ਵਾਪਸ ਆ ਸਕਣ।