ਤਰਨ ਤਾਰਨ: ਕਸਬਾ ਖੇਮਕਰਨ ਦੇ ਵਾਰਡ ਨੰਬਰ. 12 ਦੇ ਲੋਕ ਪਿਛਲੇ ਕਈ ਦਿਨਾਂ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਭਾਰੀ ਮੀਂਹ ਕਾਰਨ ਇਸ ਇਲਾਕੇ ਦੇ ਝਪੜ 'ਚ ਪਾਣੀ ਓਵਰਫਲੋਅ ਹੋ ਕੇ ਇਲਾਕੇ ਦੇ 30-35 ਘਰਾਂ 'ਚ ਦਾਖਲ ਹੋ ਗਿਆ ਹੈ। ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਵੀ ਲੋਕਾਂ ਦੀ ਸੁਣਵਾਈ ਨਹੀਂ ਹੋਈ।
ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਤੇ ਬਜ਼ੁਰਗਾਂ ਸਣੇ ਛੱਪੜ ਦੇ ਗੰਦੇ ਪਾਣੀ 'ਚ ਰਹਿਣ ਲਈ ਮਜਬੂਰ ਹਨ। ਇਥੇ ਬਿਜਲੀ ਤੇ ਪੀਣ ਵਾਲਾ ਪਾਣੀ ਵੀ ਉਪਲਬਧ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਆਖਿਆ ਕਿ ਸਰਹੱਦੀ ਕਸਬਾ ਤੇ ਪਿਛੜਾ ਇਲਾਕਾ ਹੋਣ ਕਾਰਨ ਇਹ ਇਲਾਕਾ ਵਿਕਾਸ ਪੱਖੋਂ ਪਛੜਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇਸ ਬਾਰੇ ਉਹ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪਰ ਝੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ।
ਉਨ੍ਹਾਂ ਕਿਹਾ ਕਿ ਪੂਰੇ ਇਲਾਕੇ 'ਚ ਗੰਦਾ ਤੇ ਬਦਬੂਦਾਰ ਪਾਣੀ ਭਰ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਹੈ। ਪੀੜਤ ਲੋਕਾਂ ਨੇ ਕਿਹਾ ਕਿ ਚੋਣਾਂ ਵੇਲੇ ਤਾਂ ਸਿਆਸੀ ਆਗੂ ਉਨ੍ਹਾਂ ਕੋਲ ਵੋਟ ਮੰਗਣ ਆ ਜਾਂਦੇ ਹਨ,ਪਰ ਅਜਿਹੇ ਔਖੇ ਸਮੇਂ 'ਚ ਕੋਈ ਵੀ ਸਿਆਸੀ ਆਗੂ ਤੇ ਸਰਕਾਰੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਾ। ਉਨ੍ਹਾਂ ਜਲਦ ਤੋਂ ਜਲਦ ਗੰਦੇ ਪਾਣੀ ਦੀ ਨਿਕਾਸੀ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਵਿੱਚ ਜਦ ਨਗਰ ਪੰਚਾਇਤ ਖੇਮਕਰਨ ਦੇ ਪ੍ਰਧਾਨ ਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਕ ਸਸਤੇ ਦੇ ਚੱਕਰ 'ਚ ਉੱਚੀਆਂ ਥਾਵਾਂ ਛੱਡ, ਹੇਠਲੇ ਇਲਾਕੇ 'ਤੇ ਘਰ ਬਣਾ ਲੈਂਦੇ ਹਨ। ਉਨ੍ਹਾਂ ਆਖਿਆ ਕਿ ਉਹ ਲੋਕਾਂ ਦੀ ਸਮੱਸਿਆ ਬਾਰੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸੁੂਚਨਾ ਦੇ ਚੁੱਕੇ ਹਨ। ਉਨ੍ਹਾਂ ਵੱਲੋਂ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਕੰਮ ਜਾਰੀ ਹੈ। ਜੇਕਰ ਫਿਰ ਵੀ ਹੱਲ ਨਾ ਹੋ ਸਕੀਆ ਤਾਂ ਮੋਟਰ ਲਾ ਕੇ ਇਲਾਕੇ ਚੋਂ ਗੰਦਾ ਪਾਣੀ ਕੱਢਵਾ ਦਿੱਤਾ ਜਾਵੇਗਾ।