ਤਰਨਤਾਰਨ: ਜ਼ਿਲ੍ਹੇ ਦੇ ਸਰਹੱਦੀ ਪਿੰਡ ਡੱਲ ਵਿਖੇ ਇੱਕ ਗਰੀਬ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਦੇ ਘਰ ਵਿਚੋਂ ਕਮਾਉਣ ਵਾਲੇ ਇਕਲੌਤੇ ਪੁੱਤਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਲੋੜਵੰਦ ਦੀ ਪਛਾਣ ਮੰਗਾ ਸਿੰਘ ਵਜੋਂ ਹੋਈ ਹੈ।
ਕੁੱਝ ਸਮੇਂ ਪਹਿਲਾਂ ਮੰਗਾ ਸਿੰਘ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ। ਪਰਿਵਾਰ ਨੇ ਰਿਸ਼ਤੇਦਾਰਾਂ ਤੋਂ ਕੁੱਝ ਪੈਸੇ ਉਧਾਰ ਲੈ ਕੇ ਉਸ ਦਾ ਇਲਾਜ ਕਰਵਾਇਆ, ਪਰ ਅਜੇ ਵੀ ਉਸ ਦਾ ਇਲਾਜ ਜਾਰੀ ਹੈ। ਮੰਗਾ ਸਿੰਘ ਦੇ ਪਰਿਵਾਰ 'ਚ ਉਸ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ ਤੇ ਛੋਟੇ-ਛੋਟੇ ਬੱਚੇ ਹਨ।
ਮੰਗਾ ਸਿੰਘ ਦੀ ਪਤਨੀ ਨੇ ਦੱਸਿਆ ਕਿ ਮੰਗਾ ਸਿੰਘ ਦਾ ਆਪਰੇਸ਼ਨ ਹੋਣਾ ਹੈ, ਡਾਕਟਰਾਂ ਨੇ ਇਲਾਜ ਲਈ 55 ਹਜ਼ਾਰ ਦਾ ਖਰਚਾ ਦੱਸਿਆ ਸੀ ਪਰ ਹੁਣ ਇਲਾਜ ਦਾ ਖਰਚਾ 65 ਹਜ਼ਾਰ ਤੋਂ ਵੱਧ ਆ ਗਿਆ। ਇਸ ਲਈ ਅਜੇ ਡਾਕਟਰਾਂ ਕੋਲੋਂ ਵੀ ਉਨ੍ਹਾਂ ਦੇ ਉਧਾਰ ਰਹਿੰਦਾ ਹੈ। ਹੁਣ ਉਨ੍ਹਾਂ ਕੋਲੋ ਇੰਨੇ ਪੈਸੇ ਨਹੀਂ ਹਨ ਕਿ ਉਹ ਮੰਗਾ ਸਿੰਘ ਦਾ ਇਲਾਜ ਕਰਵਾ ਸਕਣ। ਉਨ੍ਹਾਂ ਕਿਹਾ ਕਿ ਕਮਾਉਣ ਵਾਲੇ ਕਿਸੇ ਵਿਅਕਤੀ ਦੇ ਨਾਂ ਹੋਣ ਕਾਰਨ ਉਹ ਦੋ ਵਕਤ ਦੀ ਰੋਟੀ ਤੇ ਇਲਾਜ ਦੇ ਪੈਸੇ ਜੁਟਾਉਣ ਵਿੱਚ ਅਸਮਰਥ ਹਨ।
ਲੋੜਵੰਦ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ, ਐਨਆਰਆਈ ਵੀਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਸਣੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਦੁੱਖ ਦੀ ਘੜੀ 'ਚ ਇਸ ਲੋੜਵੰਦ ਪਰਿਵਾਰ ਦੀ ਰਾਸ਼ਨ ਸਬੰਧੀ ਤੇ ਆਰਥਿਕ ਮਦਦ ਕਰਨ ਤਾਂ ਜੋ ਮੰਗਾ ਸਿੰਘ ਜਲਦ ਸਿਹਤਯਾਬ ਹੋ ਕੇ ਆਪਣੇ ਬੱਚਿਆਂ ਤੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਕਰ ਸਕੇ। ਜੇਕਰ ਕੋਈ ਵੀ ਦਾਨੀ ਸੱਜਣ ਇਸ ਲੋੜਵੰਦ ਪਰਿਵਾਰ ਦੀ ਮਦਦ ਕਰਨਾ ਚਾਹੁਦਾ ਹੈ ਤਾਂ ਉਹ ਉਨ੍ਹਾਂ ਦੇ ਇਸ ਨੰਬਰ 6284931243 'ਤੇ ਸੰਪਰਕ ਕਰ ਸਕਦਾ ਹੈ।