ਤਰਨ ਤਾਰਨ: ਪਿੰਡ ਢੋਟੀਆਂ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ ਇੱਕ ਬਜ਼ੁਰਗ ਮਹਿਲਾ ਸਣੇ 4 ਲੋਕ ਗੰਭੀਰ ਜ਼ਖਮੀ ਹੋ ਗਏ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਪੀੜਤ ਪਰਿਵਾਰ ਦੇ ਮੈਂਬਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਐਨਆਰਆਈ ਹੈ। ਜਿਸ ਕਾਰਨ ਉਹ ਮਹਿਜ਼ ਸਾਲ 'ਚ ਇੱਕ ਜਾਂ ਦੋ ਵਾਰ ਪਿੰਡ ਆਉਂਦਾ ਹੈ। ਉਸ ਦੇ ਚਾਚਾ ਚਾਚੀ ਪਿੰਡ 'ਚ ਉਨ੍ਹਾਂ ਦੀ ਜ਼ਮੀਨ ਜਾਇਦਾਦ ਦੀ ਦੇਖਰੇਖ ਕਰਦੇ ਹਨ। ਪੀੜਤ ਨੇ ਦੱਸਿਆ ਕਿ ਪਿੰਡ ਦਾ ਦਾ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਉਨ੍ਹਾਂ ਦੀ ਜ਼ਮੀਨੀ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਮਾਮਲੇ 'ਤੇ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਦੇ ਚੁੱਕੇ ਹਨ। ਪਹਿਲਾਂ ਹੋਏ ਝਗੜੇ ਤੇ ਪੁਲਿਸ ਕੇਸ ਮਗਰੋਂ ਦੋਹਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਹੋ ਗਿਆ ਸੀ। ਬੀਤੀ ਰਾਤ ਮੁੜ ਤੋਂ ਰਣਜੀਤ ਸਿੰਘ ਉਨ੍ਹਾਂ ਦੇ ਘਰ ਆ ਧਮਕੀਆ ਤੇ ਉਨ੍ਹਾਂ ਨਾਲ ਗਾਲੀ-ਗਲੌਚ ਅਤੇ ਕੁੱਟਮਾਰ ਕਰਨ ਲੱਗਾ।
ਸੁਖਵਿੰਦਰ ਨੇ ਦੱਸਿਆ ਮੁੜ ਸਵੇਰ ਦੇ ਸਮੇਂ ਜਦ ਉਹ ਗੁਰਦੁਆਰਾ ਸਾਹਿਬ ਤੋਂ ਵਾਪਸ ਮੁੜਿਆ ਤਾਂ ਰਣਜੀਤ ਸਿੰਘ ਆਪਣੇ ਭਰਾ ਤੇ ਹੋਰਨਾਂ ਅਣਪਛਾਤੇ ਲੋਕਾਂ ਨਾਲ ਆ ਕੇ ਉਸ 'ਤੇ ਗੋਲੀਆਂ ਚਲਾਉਣ ਲਗਾ। ਫਾਇਰਿੰਗ ਦੌਰਾਨ ਉਸ ਦਾ ਬਜ਼ੁਰਗ ਚਾਚਾ ਲਖਵੀਰ ਸਿੰਘ, ਚਾਚੀ ਹਰਭਜਨ ਕੌਰ ਅਤੇ ਉਸ ਦਾ ਭਤੀਜਾ ਸਣੇ ਉਹ ਗੰਭੀਰ ਜ਼ਖਮੀ ਹੋ ਗਿਆ। ਪਿੰਡ ਵਾਸੀਆਂ ਨੇ ਮਦਦ ਕਰ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਹੈ। ਇਸੇ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਜ਼ਖਮੀਆਂ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ ਤਰਨ ਤਾਰਨ 'ਚ ਰੱਖਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਪੀੜਤਾਂ ਦੇ ਬਿਆਨ ਦੇ ਅਧਾਰ 'ਤੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਆਖਿਆ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।