ਤਰਨ ਤਾਰਨ: ਕਹਿੰਦੇ ਨੇ ਕਿ ਪਾਣੀ ਜ਼ਿੰਦਗੀ ਲਈ ਵਡਮੁੱਲਾ ਅਤੇ ਜਰੂਰੀ ਹੈ, ਪਾਣੀ ਤੋਂ ਬਿਨਾਂ ਜ਼ਿੰਦਗੀ ਜਿਉਣਾ ਬੇਹਦ ਮੁਸ਼ਕਲ ਹੈ। ਜ਼ਿਲ੍ਹੇ ਦੇ ਪਿੰਡ ਡੱਲ ਵਿਖੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਬਜ਼ੁਰਗ ਮਾਂ ਤੇ ਦਿਵਿਆਂਗ ਪੁੱਤਰ ਪਾਣੀ ਤੋਂ ਬਿਨਾਂ ਜ਼ਿੰਦਗੀ ਕੱਟਣ ਲਈ ਮਜਬੂਰ ਹਨ। ਪੀਣ ਲਈ ਤੇ ਹੋਰਨਾਂ ਕੰਮਾਂ ਲਈ ਪਾਣੀ ਹਾਸਲ ਕਰਨ ਲਈ ਉਨ੍ਹਾਂ ਨੂੰ ਕਈ ਔਕੜਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋੜਵੰਦ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ 'ਚ ਉਸ ਦੀ ਬਜ਼ੁਰਗ ਮਾਂ ਤੇ ਉਹ ਦੋ ਹੀ ਲੋਕ ਰਹਿੰਦੇ ਹਨ। ਲਖਵਿੰਦਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਾਣੀ ਨਾ ਮਿਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਉਹ ਰੋਜ਼ਾਨਾ ਪਿੰਡ ਦੇ ਗੁਰੂਦੁਆਰਾ ਸਾਹਿਬ ਤੋਂ ਆਪਣੀ ਵੀਹਲ ਚੇਅਰ ਉੱਤੇ ਪਾਣੀ ਢੋਹ ਕੇ ਲਿਆਉਂਦਾ ਹੈ। ਉਸ ਦੀ ਮਾਂ ਬਜ਼ੁਰਗ ਹੈ ਤੇ ਉਹ ਪਾਣੀ ਢੋਹ ਕੇ ਲਿਆਉਣ 'ਚ ਅਸਮਰਥ ਹੈ। ਲਖਵਿੰਦਰ ਸਿੰਘ ਸਿੰਘ ਦੀ ਬਜ਼ੁਰਗ ਮਾਂ ਨੇ ਦੱਸਿਆ ਕਿ ਲਖਵਿੰਦਰ ਬਚਪਨ ਤੋਂ ਹੀ ਦਿਵਿਆਂਗ ਹੈ। ਗਰੀਬੀ ਦੇ ਕਾਰਨ ਉਨ੍ਹਾਂ ਦਾ ਗੁਜ਼ਾਰਾ ਬੇਹਦ ਮੁਸ਼ਕਲ ਨਾਲ ਹੋ ਰਿਹਾ ਹੈ। ਉਸ ਦਾ ਦਿਵਿਆਂਗ ਪੁੱਤਰ ਰੋਜ਼ਾਨਾ ਪਾਣੀ ਲਿਆਉਣ ਲਈ ਵੀਹਲ ਚੇਅਰ 'ਤੇ ਦਿਨ ਭਰ 'ਚ ਕਈ ਚੱਕਰ ਲਗਾਉਂਦਾ ਹੈ। ਉਨ੍ਹਾਂ ਦੇ ਘਰ ਪਾਣੀ ਦਾ ਕੋਈ ਸਾਧਨ ਨਹੀਂ ਹੈ।
ਲੋੜਵੰਦ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ। ਲੋੜਵੰਦ ਪਰਿਵਾਰ ਨੇ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਨਲਕਾ ਵੀ ਨਹੀਂ ਹੈ ਤੇ ਨਾਂ ਹੀ ਉਨ੍ਹਾਂ ਦੇ ਘਰ ਨੇੜੇ ਕੋਈ ਸਰਕਾਰੀ ਨਲਕਾ, ਮੋਟਰ ਜਾਂ ਕੁੱਝ ਹੋਰ ਵੀ ਉਪਲਬਧ ਨਹੀਂ ਹੈ। ਉਨ੍ਹਾਂ ਆਖਿਆ ਕਿ ਕਮਾਈ ਦਾ ਕੋਈ ਸਾਧਨ ਨਾ ਹੋਣ ਦੇ ਚਲਦੇ ਉਹ ਪਾਣੀ ਦੀ ਮੋਟਰ ਆਦਿ ਲਗਵਾਉਣ 'ਚ ਅਸਮਰਥ ਹਨ।
ਇਹ ਪਰਿਵਾਰ ਬੇਹਦ ਗ਼ਰੀਬੀ ਦੀ ਹਾਲਤ 'ਚ ਰਹਿ ਰਿਹਾ ਹੈ। ਇਹ ਪਰਿਵਾਰ ਬਿਨਾਂ ਚਾਰਦੀਵਾਰੀ ਤੇ ਪਾਣੀ ਤੋਂ ਬਗੈਰ ਰਹਿਣ ਲਈ ਮਜਬੂਰ ਹੈ। ਇਸ ਘਰ 'ਚ ਦੋ ਵਾਰ ਚੋਰੀ ਹੋ ਚੁੱਕੀ ਹੈ। ਲੋੜਵੰਦ ਪਰਿਵਾਰ ਨੇ ਸਮਾਜ ਸੇਵੀਆਂ , ਐਨਆਰਆਈ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮਦਦ ਦੀ ਅਪੀਲ ਕਰਦਿਆਂ ਉਨ੍ਹਾਂ ਦੀ ਪਾਣੀ ਦੀ ਸਮੱਸਿਆ ਦਾ ਹੱਲ ਕੀਤੇ ਜਾਣ ਦੀ ਮੰਗ ਕੀਤੀ ਹੈ।