ਤਰਨਤਾਰਨ: ਪੂਰੇ ਪੰਜਾਬ ਵਿੱਚ ਨਸ਼ੇ ਨੇ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਨਸ਼ੇ ਦਾ ਕਹਿਰ ਪੰਜਾਬ ਦੀ ਜਵਾਨੀ ਨੂੰ ਮੌਤ ਦੇ ਮੂੰਹ ਤਾਂ ਲੈ ਕੇ ਜਾ ਹੀ ਰਿਹਾ ਹੈ, ਕਿ ਹੁਣ ਬਚਪਨ ਵੀ ਇਸ ਦੀ ਗ੍ਰਿਫ਼ਤ ਵਿੱਚ ਆ ਚੁੱਕਾ ਹੈ। ਪੰਜਾਬ ਦੇ ਸਰਹੱਦੀ ਇਲਾਕਾ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਵਿੱਚ 9-15 ਸਾਲ ਦੀ ਉਮਰ ਦੇ ਬੱਚੇ, ਜਿਨ੍ਹਾਂ ਦੀ ਗਿਣਤੀ 70 ਤੋਂ 80 ਦੇ ਕਰੀਬ ਦੱਸੀ ਜਾ ਰਹੀ ਹੈ, ਉਹ ਨਸ਼ਾ ਕਰ ਰਹੇ ਹਨ।
ਇਹ ਬੱਚੇ ਆਪਣੇ ਪਰਿਵਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਆਪਣੇ ਪਰਿਵਾਰਾਂ ਨਾਲੋਂ ਟੁੱਟ ਕੇ ਨਸ਼ੇ ਦੇ ਸੇਵਨ ਵਿੱਚ ਆਪਣਾ ਬਚਪਨ ਗ਼ਾਲ ਰਹੇ ਹਨ। ਇਹ ਬੱਚੇ ਟਾਇਰ-ਟਿਊਬਾਂ ਨੂੰ ਪੈਂਚਰ ਲਗਾਉਣ ਵਾਲੀ ਬੋਨਫਿਕਸ ਨੂੰ ਲਿਫਾਫੇ ਵਿੱਚ ਪਾ ਕੇ ਤੇਜ਼ੀ ਨਾਲ ਸੁੰਘਦੇ ਹਨ, ਜਿਸ ਨਾਲ ਇਨ੍ਹਾਂ ਨੂੰ ਨਸ਼ਾ ਹੋ ਜਾਂਦਾ ਹੈ ਅਤੇ ਇਨ੍ਹਾਂ ਮੁਤਾਬਕ ਇਸ ਨਸ਼ੇ ਦਾ ਅਸਰ 4 ਤੋਂ 5 ਘੰਟੇ ਤੱਕ ਰਹਿੰਦਾ ਹੈ।
ਐੱਨਜੀਓ ਸੰਸਥਾ ਵੱਲੋਂ ਇਨ੍ਹਾਂ ਬੱਚਿਆਂ ਦਾ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣ ਦੇ ਨਾਲ-ਨਾਲ ਇਨ੍ਹਾਂ ਬੱਚਿਆਂ ਦਾ ਮੈਡੀਕਲ ਇਲਾਜ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆਂ ਦਾ ਰੈਡ ਕਰਾਸ ਰਾਹੀਂ ਪੜ੍ਹਾਈ ਅਤੇ ਰਹਿਣ- ਸਹਿਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਸ ਬਾਰੇ ਐੱਨਜੀਓ ਸੰਸਥਾ ਦੇ ਬੁਲਾਰੇ ਸੁਖਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਵਲੋਂ ਨਸ਼ਾ ਲੈਣ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਬੱਚੇ ਆਪਸ ਵਿੱਚ ਕੌਂਸਲਿੰਗ ਕਰ ਇੱਕ ਦੂਜੇ ਨਾਲ ਨਸ਼ੇ ਦਾ ਤਰੀਕਾ ਸਾਂਝਾ ਕਰਦੇ ਹਨ, ਜਿਸ ਕਰਕੇ ਹੋਰ ਬੱਚੇ ਉਸੇ ਤਰ੍ਹਾਂ ਕਰ ਨਸ਼ੇ ਦੀ ਲਪੇਟ ਵਿੱਚ ਆ ਰਹੇ ਹਨ।
ਇਸ ਬਾਰੇ ਡਾ. ਜਸਪ੍ਰੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਇਲਾਜ, ਰਹਿਣ-ਸਹਿਣ ਅਤੇ ਹੋਰ ਜੋ ਵੀ ਪ੍ਰਬੰਧ ਹਨ, ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਕੀਤੇ ਗਏ ਹਨ ਅਤੇ ਇਹ ਸਾਰੇ ਬੱਚੇ ਉਨ੍ਹਾਂ ਦੇ ਸੰਪਰਕ ਵਿੱਚ ਹਨ। ਇਨ੍ਹਾਂ ਦਾ ਮੈਡੀਕਲ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਨਸ਼ੇ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ।
ਪੰਜਾਬ ਸਰਕਾਰ 'ਤੇ ਬਹੁਤ ਵੱਡਾ ਸਵਾਲੀਆ ਚਿੰਨ ਹੈ ਕਿ ਆਖ਼ਰ ਪੰਜਾਬ ਨਸ਼ੇ ਦੀਆਂ ਜੰਜ਼ੀਰਾਂ ਵਿਚੋਂ ਕਦੋਂ ਆਜ਼ਾਦ ਹੋਵੇਗਾ ਅਤੇ ਕਦੋਂ ਪੰਜਾਬ ਦੀ ਆਬੋ-ਹਵਾ ਨਸ਼ਾ ਮੁਕਤ ਹੋ ਕੇ ਪੰਜਾਬ ਮੁੜ ਖੁਸ਼ਹਾਲ ਬਣਾਵੇਗੀ।