ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਕਸਬਾ ਭਿੱਖੀਵਿੰਡ ਦੇ ਸਰਕਾਰੀ ਹਸਪਤਾਲ ਵਿੱਚ ਬਣੇ ਓਟ ਸੈਂਟਰ (Outpatient Opioid Assisted Treatment ) ਵਿੱਚ ਨਸ਼ਾ ਛੱਡਣ ਵਾਲਿਆਂ ਨੇ ਪ੍ਰਦਰਸ਼ਨ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਛੁਡਾਓ ਗੋਲੀਆਂ 4 MG ਦੀ ਬਜਾਏ 2 MG ਦੀਆਂ ਮਿਲਣ ਕਰਕੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਇਹ ਗੋਲੀਆਂ ਅਸਰ ਨਹੀਂ ਕਰ ਰਹੀਆਂ। ਨੌਜਵਾਨਾਂ ਨੇ ਪੁਰਾਣੀ ਦਵਾਈ ਦੀ ਮੰਗ ਨੂੰ ਲੈ ਕੇ ਹਸਪਤਾਲ ਵਿੱਚ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ।
ਇਸ ਮੌਕੇ ਨੌਜਵਾਨਾਂ ਨੇ ਦੱਸਿਆ ਕਿ ਦਵਾਈ ਪੂਰੀ ਅਸਰਦਾਰ ਨਾ ਹੋਣ ਕਰਕੇ ਜਿੱਥੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਉੱਥੇ ਹੀ ਨੌਜਵਾਨਾਂ ਨੂੰ ਦੌਰੇ ਵੀ ਪੈ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਨੂੰ ਮੰਗ ਕਰ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਹੇ, ਜਿਸ ਕਰਕੇ ਅਸੀਂ ਦੁਬਾਰਾ ਨਸ਼ੇ ਚਿੱਟੇ ਦਾ ਨਸ਼ਾ ਕਰਨ ਲਈ ਮਜ਼ਬੂਰ ਹੋ ਰਹੇ ਹਾਂ। ਜਿਸ ਕਰਕੇ ਉਨ੍ਹਾਂ ਨੂੰ ਪੁਲਿਸ ਵੀ ਪ੍ਰੇਸ਼ਾਨ ਕਰਦੀ ਹੈ।
ਉਧਰ ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਮੰਨਿਆ ਕਿ ਦਵਾਈ ਘੱਟ ਡੋਜ਼ ਵਾਲੀ ਆ ਰਹੀ, ਜਿਸ ਕਰਕੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਮੁਸ਼ਕਿਲ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਘੱਟ ਡੋਜ਼ ਦਵਾਈ ਭੇਜੀ ਜਾ ਰਹੀ, ਜਿਸ ਬਾਰੇ ਉਨ੍ਹਾਂ ਕਈ ਵਾਰ ਉੱਚ ਅਧਿਕਾਰੀਆਂ ਨੂੰ ਪਹਿਲਾਂ ਵਾਲੀ ਦਵਾਈ ਭੇਜਣ ਲਈ ਪੱਤਰ ਵੀ ਲਿਖਿਆ ਹੈ, ਪਰ ਉਸਦੇ ਬਾਵਜੂਦ ਵੀ ਪਹਿਲਾਂ ਵਾਲੀ ਦਵਾਈ ਨਹੀਂ ਆ ਰਹੀ।
ਇਸ ਮੌਕੇ ਜੀਓਜੀ ਅਮਰਜੀਤ ਸਿੰਘ ਨੇ ਕਿਹਾ ਉਨ੍ਹਾਂ ਵਲੋਂ ਕਈ ਵਾਰ ਐੱਸਐੱਮਓ ਅਤੇ ਸਿਵਲ ਸਰਜਨ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਹੈ ਪਰ ਪਹਿਲਾਂ ਵਾਲੀ ਦਵਾਈ ਨਹੀਂ ਆ ਰਹੀ।
ਇਹ ਵੀ ਪੜ੍ਹੋ:ਡੀ.ਸੀ. ਦਫ਼ਤਰਾਂ ਬਾਹਰ ਕਿਸਾਨਾਂ ਦੇ ਧਰਨੇ ਜਾਰੀ