ਤਰਨਤਾਰਨ: ਸੂਬੇ ਭਰ ’ਚ ਚਿੱਟੇ ਦਾ ਪੰਜਾਬ ਚ ਕਹਿਰ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਛੋਟੇ ਜਿਹੇ ਲਫ਼ਜ਼ ਚ ਲੱਖਾਂ ਮਾਂ ਬਾਪ ਦੇ ਸੁਪਣੇ ਚੂਰ ਹੋ ਗਏ ਹਨ। ਚਿੱਟੇ ਨੇ ਕਈ ਪਰਿਵਾਰ ਨੂੰ ਉਜਾੜ ਦਿੱਤਾ ਹੈ। ਚੰਗੇ ਭਲੇ ਨੌਜਵਾਨਾਂ ਨੂੰ ਬਰਬਾਦ ਕਰ ਦਿੱਤਾ ਹੈ। ਤਰਨਤਾਰਨ ਦਾ ਇੱਕ ਅਜਿਹਾ ਹੀ ਪਰਿਵਾਰ ਹੈ ਜੋ ਦੋ ਵਕਤ ਦੀ ਰੋਟੀ ਦੇ ਲਈ ਤਰਸ ਰਿਹਾ ਹੈ।
ਦੱਸ ਦਈਏ ਕਿ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਭੋਜੋਵਾਲੀ ਨਿਵਾਸੀ ਬਜ਼ੁਰਗ ਜੋੜੇ ਦਾ ਪੁੱਤਰ 15 ਸਾਲਾਂ ਤੋਂ ਚਿੱਟੇ ਦੇ ਦਲਦਲ ਵਿੱਚ ਅਜਿਹਾ ਧੱਸਿਆ ਕਿ ਉਸ ਨੇ ਨਸ਼ੇ ਦੀ ਪੂਰਤੀ ਦੇ ਲਈ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ। ਜਿਸ ਕਾਰਨ ਅੱਜ ਉਹ ਪਰਿਵਾਰ ਬਹੁਤ ਹੀ ਮਾੜੀ ਹਾਲਤ ਚ ਰਹਿਣ ਲਈ ਮਜ਼ਬੂਰ ਹੈ।
ਇਸ ਸਬੰਧੀ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 15 ਸਾਲਾਂ ਤੋਂ ਨਸ਼ੇ ਦਾ ਆਦੀ ਹੈ। ਨਸ਼ੇ ਦੀ ਪੂਰਤੀ ਦੇ ਲਈ ਉਸ ਨੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਹੈ। ਘਰ ਦਾ ਗੁਜਾਰਾ ਵੀ ਉਨ੍ਹਾਂ ਦਾ ਬਹੁਤ ਹੀ ਔਖਾ ਚੱਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨੌਜਵਾਨ ਦਾ ਵਿਆਹ ਵੀ ਹੋਇਆ ਹੈ, ਜਿਸਦਾ ਇੱਕ ਪੁੱਤਰ ਵੀ ਹੈ। ਪਰ ਨਸ਼ੇ ਦੀ ਮਾੜੀ ਆਦਤ ਦੇ ਕਾਰਨ ਉਹ ਹਰ ਰੋਜ਼ ਕਲੇਸ਼ ਕਰਦਾ ਰਹਿੰਦਾ ਸੀ ਜਿਸਦਾ ਅਸਰ ਉਸਦੀ ਪਤਨੀ ਅਤੇ ਪੁੱਤਰ ’ਤੇ ਪਿਆ ਜਿਸ ਕਾਰਨ ਉਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ।
ਜਸਵੰਤ ਸਿੰਘ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਹੈ। ਪਰਿਵਾਰ ਕੋਲ ਖੇਤੀ ਦੇ ਲਈ ਇੱਕ ਏਕੜ ਜ਼ਮੀਨ ਹੈ ਜਿਸ ’ਤੇ ਵੀ ਬੈਂਕ ਦਾ ਕਰਜ਼ਾ ਹੈ। ਜਸਵੰਤ ਸਿੰਘ ਨੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਕੋਈ ਸੰਸਥਾ ਜਾਂ ਦਾਨੀ ਸੱਜਣ ਉਨ੍ਹਾਂ ਦੇ ਘਰ ਦੀ ਛੱਤ ਪੁਆ ਦੇਵੇ ਇਸ ਤੋਂ ਵੱਧ ਹੋਰ ਕੋਈ ਮੰਗ ਨਹੀਂ ਹੈ।
ਇਹ ਵੀ ਪੜੋ: STF ਨੂੰ ਮਿਲੀ ਵੱਡੀ ਕਾਮਯਾਬੀ, 20 ਕਿੱਲੋ 800 ਗ੍ਰਾਮ ਆਈਸ ਡਰੱਗ ਬਰਾਮਦ