ਤਰਨ ਤਾਰਨ: ਪੱਟੀ ਹਲਕੇ ਦੇ ਥਾਣਾ ਹਰੀਕੇ ਅਧੀਨ ਆਉਂਦੇ ਪਿੰਡ ਰੱਤਾ ਗੁੱਦਾ ਦੇ ਕਾਂਗਰਸੀ ਸਰਪੰਚ ਉੱਤੇ ਪਿੰਡ ਦੇ ਹੀ ਇੱਕ ਪਰਿਵਾਰ ਨਾਲ ਧੱਕੇਸ਼ਾਹੀ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਸਰਪੰਚ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਗੁਲਜ਼ਾਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਸਰਪੰਚ ਨਿਰਮਲ ਸਿੰਘ ਅਤੇ ਉਸ ਦੇ ਪੁੱਤਰ ਉੱਤੇ ਧੱਕੇਸ਼ਾਹੀ ਕਰਦੇ ਹੋਏ, ਬੰਧਕ ਬਣਾ ਕੇ ਜਬਰਨ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ। ਇਸ ਬਾਰੇ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 70 ਸਾਲਾਂ ਤੋਂ ਇਥੇ ਰਹਿ ਰਿਹਾ ਹੈ ਅਤੇ ਇਹ ਜ਼ਮੀਨ ਉਸ ਦੇ ਪਿਤਾ ਦੀ ਹੈ। ਨਿਰਮਲ ਸਿੰਘ ਨੇ ਜਬਰਨ ਉਸ ਨੂੰ ਬੰਧਕ ਬਣਾ ਕੇ ਉਸ ਕੋਲੋਂ ਅੰਗੂਠਾ ਲਵਾ ਲਿਆ ਅਤੇ ਹੁਣ ਜ਼ਮੀਨ ਨੂੰ ਆਪਣਾ ਦੱਸ ਰਿਹਾ ਹੈ। ਹੁਣ ਉਸ ਦੇ ਕੋਲ ਰਹਿਣ ਲਈ ਘਰ ਵੀ ਨਹੀਂ ਹੈ। ਪੀੜਤ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਪਿੰਡ ਦੇ ਸਰਪੰਚ ਅਤੇ ਉਸ ਦੇ ਪੁੱਤਰ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਹੈ। ਮੌਕੇ 'ਤੇ ਮੌਜ਼ੂਦ ਪਿੰਡ ਵਾਸੀਆਂ ਨੇ ਵੀ ਜ਼ਮੀਨ ਗੁਲਜ਼ਾਰ ਸਿੰਘ ਦੀ ਹੋਣ ਦੀ ਪੁਸ਼ਟੀ ਕਰਦੇ ਕਿਹਾ ਕਿ ਪਿਛਲੇ 60-70 ਸਾਲਾਂ ਤੋਂ ਇਹ ਪਰਿਵਾਰ ਇਥੇ ਰਹਿ ਰਿਹਾ ਹੁਣ ਇਸ ਪਰਿਵਾਰ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ : ਦਿੱਲੀ 'ਚ ਅੱਜ ਹੋਵੇਗੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ
ਇਸ ਮਾਮਲੇ ਦੇ ਥਾਣਾ ਹਰੀਕੇ ਦੇ ਏਐੱਸਆਈ ਦਿਲਬਾਗ ਸਿੰਘ ਨੇ ਕਿਹਾ ਕਿ ਉਹ ਮੌਕੇ 'ਤੇ ਗਏ ਅਤੇ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ। ਉਨ੍ਹਾਂ ਦੇ ਦੋਹਾਂ ਧਿਰਾਂ ਨੂੰ ਆਪੋ-ਆਪਣੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਹੈ। ਉਨ੍ਹਾਂ ਮੰਨਿਆ ਕਿ ਸਰਪੰਚ ਵਲੋਂ ਪਰਿਵਾਰ ਦੇ ਬਜ਼ੁਰਗ ਲੋਕਾਂ ਨੂੰ ਬੰਧਕ ਬਣਾਇਆ ਗਿਆ, ਜਿਨ੍ਹਾਂ ਨੂੰ ਪੁਲੀਸ ਨੇ ਛੁਡਵਾਇਆ ਗਿਆ। ਉਨ੍ਹਾਂ ਮਾਮਲੇ ਦੀ ਜਾਂਚ ਤੋਂ ਬਾਅਦ ਜ਼ਮੀਨ ਦੇ ਅਸਲ ਮਾਲਿਕ ਨੂੰ ਜ਼ਮੀਨ ਸੌਪਣ ਦੀ ਗੱਲ ਆਖੀ ਹੈ।