ਸੰਗਰੂਰ: ਲਹਿਰਾਗਾਗਾ ਸਥਾਨਕ ਸ਼ਹਿਰ ਦੇ ਨਾਲ ਖਹਿੰਦੇ ਪਿੰਡ ਲੇਹਲ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਤੇ ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਜਿੰਦਰਾ ਲਾ ਕੇ ਲਗਾਤਾਰ ਧਰਨਾ ਜਿੱਥੇ ਦੂਜੇ ਦਿਨ ਵੀ ਜਾਰੀ ਰਿਹਾ। ਇੱਕ ਪਾਸੇ ਜਿੱਥੇ ਪਿੰਡ ਦੇ ਪੜੇ ਲਿਖੇ ਨੌਜਵਾਨਾਂ ਵੱਲੋਂ ਬੱਚਿਆਂ ਨੂੰ ਸਕੂਲ ਦੇ ਬਾਹਰ ਹੀ ਦਰੀਆਂ ਵਿਛਾ ਕੇ ਪਡ਼੍ਹਾਈ ਕਰਵਾਈ ਜਾ ਰਹੀ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਤੇ ਅਸਰ ਨਾ ਪਵੇ। ਦੂਜੇ ਪਾਸੇ ਸਰਕਾਰ ਨੂੰ ਲਾਹਣਤਾਂ ਵੀ ਪਾਈਆਂ।
ਇਸ ਦੌਰਾਨ ਪਿੰਡਵਾਸੀਆਂ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਲੇਹਲ ਖੁਰਦ ਵਿਖੇ 7 ਪੋਸਟਾਂ ਵਿੱਚੋਂ 4 ਪੋਸਟਾਂ ’ਤੇ ਹੀ ਅਧਿਆਪਕ ਹਨ। ਜਿਨ੍ਹਾਂ ਵਿੱਚੋਂ ਇੱਕ ਅਧਿਆਪਕ ਦੀ ਰਿਟਾਇਰਮੈਂਟ ਬਹੁਤ ਨੇੜੇ ਹੈ ਅਤੇ ਉਹ ਮੈਡੀਕਲ ’ਤੇ ਚੱਲ ਰਹੀ ਹੈ। ਇਸ ਤੋਂ ਇਲਾਵਾ ਇਕ ਟੀਚਰ ਦਾ ਬਾਹਰ ਹੀ ਕੰਮ ਰਹਿੰਦਾ ਹੈ। ਜਿਸ ਕਾਰਨ 200 ਬੱਚਿਆਂ ਨੂੰ ਇੱਕ ਅਧਿਆਪਕ ਹੀ ਪੜ੍ਹਾ ਰਹੀ ਹੈ ਉਹ ਵੀ ਸਿਰਫ਼ ਸਕੂਲ ਚ ਬਿਠਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਡੀਈਓ ਸੰਗਰੂਰ ਆਏ ਜੋ ਕਿ ਲੋਲੀਪਾਪ ਦੇ ਕੇ ਚੱਲੇ ਗਿਆ। ਉਨ੍ਹਾਂ ਦੀ ਸਮੱਸਿਆ ਦਾ ਹੱਲ ਅਜੇ ਤੱਕ ਨਹੀਂ ਹੋਇਆ।
ਪਿੰਡ ਲੇਹਲ ਖੁਰਦ ਦੇ ਲੋਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਅਧਿਆਪਕਾਂ ਦੀ ਨਿਯੁਕਤੀ ਪੱਕੇ ਤੌਰ ’ਤੇ ਨਹੀਂ ਕੀਤੀ ਤਾਂ ਉਨ੍ਹਾਂ ਵੱਲੋਂ ਲਹਿਰਾ- ਪਾਤੜਾਂ ਰੋਡ ਪੱਕੇ ਤੌਰ ’ਤੇ ਜਾਮ ਕੀਤੇ ਜਾਣਗੇ। ਨੌਜਵਾਨ ਆਗੂ ਗੁਰਜੀਤ ਸਿੰਘ ਅਤੇ ਬੱਚਿਆਂ ਨੂੰ ਪੜ੍ਹਾ ਰਹੀ ਲੜਕੀ ਪਰਮਜੀਤ ਕੌਰ ਨੇ ਦੱਸਿਆ' ਕਿ ਇਹ ਸਕੂਲ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਵਿੱਚ ਪੈਂਦਾ ਹੈ, ਪਰ ਉਨ੍ਹਾਂ ਨੂੰ ਵੀ ਸਾਡੀ ਆਵਾਜ਼ ਸੁਣਾਈ ਨਹੀਂ ਦੇ ਰਹੀ। ਫਿਲਹਾਲ ਹੁਣ ਦੇਖਣਾ ਇਹ ਹੋਵੇਗਾ' ਕਿ ਸਰਕਾਰ ਇਨ੍ਹਾਂ ਬੱਚਿਆਂ ਲਈ ਲੋੜੀਂਦੇ ਅਧਿਆਪਕ ਭੇਜਦੀ ਹੈ ਜਾਂ ਇਹ ਧਰਨਾ ਅਤੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।