ਸੰਗਰੂਰ: ਜ਼ਿਲ੍ਹੇ ਹਲਕਾ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਦਸਮੇਸ਼ ਨਗਰ ਕੋਠਿਆਂ ਦੇ ਲੋਕ ਗੋਦਾਮਾਂ ਚੋਂ ਉੱਡਦੀ ਸੁਸਰੀ ਤੋਂ ਸਤਾਏ ਹੋਏ ਹਨ। ਦੱਸ ਦਈਏ ਕਿ ਪਿੰਡ ਦੇ ਲੋਕ ਪਿੰਡ ਨਾਲ ਲੱਗਦੇ ਵੇਅਰ ਹਾਊਸ ਦੇ ਗੋਦਾਮਾਂ ਤੋਂ ਸੁਸਰੀ ਉੱਡ ਕੇ ਆਉਂਦੀ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੋਦਾਮਾਂ ਚੋਂ ਉੱਡਦੀ ਸੁਸਰੀ ਕਾਰਨ ਪਰੇਸ਼ਾਨ ਪਿੰਡਵਾਸੀ: ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਵੇਅਰ ਹਾਉਸ ਦੇ ਗੁਦਾਮ ਪਿੰਡ ਦੇ ਮਹਿਜ਼ ਨਾਲ ਹੀ ਬਿਨਾਂ ਮਨਜ਼ੂਰੀ ਤੋਂ ਬਣਾਏ ਹੋਏ ਹਨ, ਜਦਕਿ ਲੋਕਾਂ ਦੇ ਰਹਿਣ ਵਾਲੇ ਇਲਾਕੇ ਵਿਚ ਗੋਦਾਮ ਨਹੀਂ ਬਣ ਸਕਦੇ। ਇਨ੍ਹਾਂ ਗੋਦਾਮਾਂ ਵਿੱਚ ਇੰਸਪੈਕਟਰਾਂ ਵੱਲੋਂ ਲੋੜੀਂਦੀ ਦਵਾਈ ਸਮੇਂ ਸਿਰ ਨਹੀਂ ਪਾਈ ਜਾਂਦੀ। ਜਿਸ ਕਰਕੇ ਇੱਥੋਂ ਬਹੁਤ ਸਾਰੀ ਸੁਸਰੀ ਉੱਡਦੀ ਹੈ।
'ਖਾਣਾ-ਪੀਣਾ ਵੀ ਹੋਇਆ ਦੁੱਭਰ': ਉਨ੍ਹਾਂ ਅੱਗੇ ਦੱਸਿਆ ਕਿ ਸ਼ਾਮ ਸਮੇਂ ਇੰਨੀ ਜ਼ਿਆਦਾ ਸੁਸਰੀ ਉੱਠਦੀ ਹੈ ਕਿ ਉਨ੍ਹਾਂ ਦਾ ਖਾਣਾ ਪੀਣਾ ਦੁੱਭਰ ਹੋ ਜਾਂਦਾ ਹੈ। ਕਿਉਂਕਿ ਰੋਟੀ ਖਾਂਦੇ- ਖਾਂਦੇ ਸੈਂਕੜਿਆਂ ਦੀ ਤਾਦਾਦ ਵਿਚ ਸੁਸਰੀ ਥਾਲੀ ਵਿੱਚ ਡਿੱਗ ਪੈਂਦੀ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਾਸੀਆਂ ਵੱਲੋਂ ਸਬਜ਼ੀ ਵਿੱਚ ਜ਼ੀਰਾ ਪਾਉਣ ਦਾ ਬਾਈਕਾਟ ਕੀਤਾ ਹੋਇਆ ਹੈ ਤਾਂ ਜੋ ਥਾਲੀ ਵਿਚ ਡਿੱਗੀ ਸੁਸਰੀ ਦਾ ਪਤਾ ਲੱਗ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸੁਸਰੀ ਤੋਂ ਡਰਦੇ ਸਾਡੇ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦੇ।
'ਬੱਚੇ ਸਹੀ ਢੰਗ ਨਾਲ ਨਹੀਂ ਕਰ ਪਾ ਰਹੇ ਪੜਾਈ': ਕੁਝ ਪਿੰਡਵਾਸੀਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਮੁੰਡਿਆਂ ਦੇ ਰਿਸ਼ਤੇ ਵੀ ਇਨ੍ਹਾਂ ਸੁਸਰੀਆਂ ਤੋਂ ਡਰਦਿਆਂ ਹੋਣੋਂ ਹਟ ਗਏ ਹਨ। ਉਨ੍ਹਾਂ ਦੇ ਬੱਚੇ ਲਾਈਟ ਜਲਾ ਕੇ ਪੜ ਨਹੀਂ ਸਕਦੇ ਅਤੇ ਨਾ ਹੀ ਲਾਈਟਾਂ ਜਗਾ ਕੇ ਖਾਣਾ ਬਣਾ ਸਕਦੇ ਹਨ। ਜੇਕਰ ਲਾਈਟ ਲਾ ਕੇ ਬੱਚੇ ਪੜ੍ਹਦੇ ਹਨ ਤਾਂ ਉਨ੍ਹਾਂ ਦੇ ਕੱਪੜਿਆਂ, , ਕੰਨਾ, ਪੱਗ ਆਦਿ ਵਿੱਚ ਸੁਸਰੀ ਵੜ ਜਾਂਦੀ ਹੈ। ਬੱਚੇ ਪੜ੍ਹਨ ਦੀ ਥਾਂ ਸੁਸਰੀਆਂ ਹਟਾਉਣ ’ਤੇ ਹੀ ਲੱਗੇ ਰਹਿੰਦੇ ਹਨ। ਗੁਰੂਘਰ ਦੇ ਪਾਠੀ ਨਰਿੰਦਰ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਵਿੱਚ ਵੀ ਅਥਾਹ ਸੁਸਰੀ ਡਿੱਗਦੀ ਹੈ। ਸਾਨੂੰ ਪਾਠ ਵੀ ਨਹੀਂ ਕਰਨ ਦਿੰਦੀ।
ਪਿੰਡਵਾਸੀਆਂ ਨੇ ਕੀਤੀ ਮੰਗ: ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਗੋਦਾਮਾਂ ਵਿਚ ਜਾ ਕੇ ਦੇਖਿਆ ਤਾਂ ਅਨਾਜ ਦੀਆਂ ਬੋਰੀਆਂ ਉੱਪਰ ਲੱਖਾਂ ਦੀ ਤਾਦਾਦ ਵਿੱਚ ਸੁਸਰੀਆਂ ਬੈਠੀਆਂ ਸੀ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਮੇਂ ਸਿਰ ਅਤੇ ਹਰ ਰੋਜ਼ ਦਵਾਈ ਸਮੇਂ ਸਿਰ ਪਾਈ ਜਾਵੇ, ਇੱਥੋਂ ਗੋਦਾਮ ਹਟਾਏ ਜਾਣ ਤੇ ਗੁਦਾਮਾਂ ਦਾ ਰਿਕਾਰਡ ਚੈੱਕ ਕੀਤਾ ਜਾਵੇ ਕਿ ਕਦੋਂ ਦਵਾਈ ਆਈ ਹੈ ਪਾਈ ਵੀ ਹੈ ਜਾਂ ਨਹੀਂ।
'ਗੋਦਾਮ ਚ ਨਹੀਂ ਪਾਈ ਗਈ ਦਵਾਈ': ਉੱਥੇ ਹੀ ਦੂਜੇ ਪਾਸੇ ਪਿੰਡ ਦੇ ਲੋਕਾਂ ਨੇ ਗੋਦਾਮ ਵਿੱਚ ਜਾ ਕੇ ਗੋਦਾਮ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਗੋਦਾਮ ’ਚ ਸੁਸਰੀ ਨੂੰ ਮਾਰਨ ਵਾਲੀ ਦਵਾਈ ਨਹੀਂ ਕੀਤੀ।
ਇਹ ਵੀ ਪੜੋ: ਮੰਕੀਪਾਕਸ ਦੀ ਦਹਿਸ਼ਤ: ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ