ਸੰਗਰੂਰ: ਢੀਂਡਸਾ ਪਿਓ-ਪੁੱਤ ਦੀ ਪੰਥਕ ਰੈਲੀ ਵਿਖੇ ਜਿੱਥੇ ਕਤਾਰ ਵਿੱਚ ਅਕਾਲੀ ਦਲ ਟਕਸਾਲੀ ਦੇ ਆਗੂ ਵੀ ਸਟੇਜ ਸਾਂਝੀ ਕਰਨ ਪਹੁੰਚੇ। ਉੱਥੇ ਹੀ ਉਨ੍ਹਾਂ ਮਿਲ ਕੇ ਮਤਾ ਪਾਸ ਕਰਦੇ ਹੋਏ ਐਲਾਨ ਕੀਤਾ ਕਿ ਸੁਖਬੀਰ ਬਾਦਲ ਨੂੰ ਪੰਥ ਅਤੇ ਪਾਰਟੀ 'ਚੋਂ ਬਾਹਰ ਕੱਢਿਆ ਜਾਵੇ।
ਸੰਗਰੂਰ ਵਿਖੇ ਵੱਡਾ ਇਕੱਠ ਕਰਕੇ ਰੈਲੀ ਕਰਨ ਵਾਲੇ ਢੀਂਡਸਾ ਪਰਿਵਾਰ ਨੇ ਅਕਾਲੀ ਦਲ ਨੂੰ ਮੁੜ ਜਵਾਬ ਦੇਣ ਦੀ ਜਿੱਥੇ ਕੋਸ਼ਿਸ਼ ਕੀਤੀ ਹੈ। ਉੱਥੇ ਹੀ ਸੁਖਦੇਵ ਢੀਂਡਸਾ ਨੇ ਐਲਾਨ ਕਰ ਦਿੱਤਾ ਹੈ ਕਿ ਢੀਂਡਸਾ ਪਰਿਵਾਰ ਅਕਾਲੀ ਦਲ ਟਕਸਾਲੀ ਨਾਲ ਮਿਲ ਕੇ ਐਸਜੀਪੀਸੀ ਦੀਆਂ ਚੋਣਾਂ ਲੜੇਗਾ ਤੇ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਵੀ ਹਿੱਸਾ ਬਣੇਗਾ। ਇਸ ਰੈਲੀ ਰਾਹੀਂ ਜਿੱਥੇ ਢੀਂਡਸਾ ਪਰਿਵਾਰ ਨੇ ਖੁੱਲ੍ਹ ਕੇ ਅਕਾਲੀ ਦਲ ਵਿਰੁੱਧ ਹੱਲਾ ਬੋਲਿਆ ਹੈ, ਉੱਥੇ ਹੀ ਰੈਲੀ 'ਚ ਉਨ੍ਹਾਂ ਆਪਣਾ ਮਕਸਦ ਵੀ ਸਪੱਸ਼ਟ ਕੀਤਾ ਹੈ ਕਿ ਪਹਿਲਾ ਮਕਸਦ ਅਕਾਲੀ ਦਲ ਟਕਸਾਲੀ ਅਤੇ ਢੀਂਡਸਾ ਪਰਿਵਾਰ ਦਾ ਇਹ ਰਹੇਗਾ ਕਿ ਐੱਸਜੀਪੀਸੀ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਇਆ ਜਾਵੇ।
ਸੰਗਰੂਰ ਵਿਖੇ ਢੀਂਡਸਾ ਪਰਿਵਾਰ ਵੱਲੋਂ ਕੀਤੀ ਗਈ ਰੈਲੀ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਉਸ ਮਤੇ ਬਾਰੇ ਦੱਸ ਦਿੰਦੇ ਹਾਂ ਜੋ ਕਿ ਅਕਾਲੀ ਦਲ ਟਕਸਾਲੀ ਅਤੇ ਢੀਂਡਸਾ ਪਰਿਵਾਰ ਵੱਲੋਂ ਪਾਸ ਕੀਤਾ ਗਿਆ। ਇਸ ਵਿੱਚ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਵਜੋਂ ਤੇ ਪੰਥ 'ਚੋਂ ਕੱਢਣ ਦੀ ਮੰਗ ਕੀਤੀ ਗਈ ਹੈ। ਜੋ ਕਿ ਠੀਕ ਉਸੇ ਤਰ੍ਹਾਂ ਸੀ ਜਿਵੇਂ ਕਿ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਰੈਲੀ ਕਰ ਢੀਂਡਸਾ ਪਰਿਵਾਰ ਨੂੰ ਅਕਾਲੀ ਦਲ ਤੋਂ ਬਾਹਰ ਕੱਢਿਆ ਸੀ।
ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਸਟੇਜ ਤੋਂ ਬੋਲਦਿਆਂ ਹੋਇਆ ਕਿਹਾ ਕਿ ਬੇਸ਼ੱਕ ਅਕਾਲੀ ਦਲ ਅੱਜ ਸਾਡੀ ਰੈਲੀ ਨੂੰ ਕਾਂਗਰਸ ਦੀ ਰੈਲੀ ਕਹਿ ਰਿਹਾ ਹੈ, ਪਰ ਸੱਚ ਸਭ ਦੇ ਸਾਹਮਣੇ ਹੈ ਕਿ ਲੋਕ ਕਿਸ ਤਰ੍ਹਾਂ ਨਾਲ ਅੱਜ ਸਾਡੇ ਨਾਲ ਖੜ੍ਹੇ ਹਨ। ਕਿਉਂਕਿ ਉਹ ਕਿਸੇ ਵਿਅਕਤੀ ਦੇ ਸਮਰਥਕ ਨਹੀਂ ਬਲਕਿ ਅਕਾਲੀ ਦਲ ਦੀ ਸੋਚ ਦੇ ਸਮਰਥਕ ਹਨ ਅਤੇ ਸਾਡਾ ਮਕਸਦ ਅਕਾਲੀ ਦਲ ਦੀ ਪੁਰਾਣੀ ਸੋਚ ਨੂੰ ਵਿਕਸਤ ਕਰਨਾ ਹੈ, ਜਦੋਂਕਿ ਬਾਦਲ ਪਰਿਵਾਰ ਵੱਲੋਂ ਖ਼ਤਮ ਕੀਤੀ ਜਾ ਰਹੀ ਹੈ। ਅੱਜ ਢੀਂਡਸਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਰੋਧ ਸਿਰਫ਼ ਉਨ੍ਹਾਂ ਨੇ ਹੁਣ ਨਹੀਂ ਬਲਕਿ ਪਾਰਟੀ 'ਚ ਰਹਿੰਦਿਆਂ ਹੋਇਆਂ ਵੀ ਕਾਫ਼ੀ ਸਮਾਂ ਪਹਿਲਾਂ ਸ਼ੁਰੂ ਕਰ ਦਿੱਤਾ ਸੀ।
ਸੁਖਦੇਵ ਸਿੰਘ ਢੀਂਡਸਾ ਨੇ ਵੱਡਾ ਐਲਾਨ ਕਰਦੇ ਹੋਏ ਆਪਣੀ ਸਟੇਜ ਤੋਂ ਬੋਲਿਆ ਕਿ ਅਕਾਲੀ ਦਲ ਤੋਂ ਨਾਰਾਜ਼ ਹੋਰ ਵੀ ਸੀਨੀਅਰ ਆਗੂ ਅਗਲੇ ਹਫ਼ਤੇ ਤੋਂ ਬਾਅਦ ਸਾਡੇ ਨਾਲ ਜੁੜ ਰਹੇ ਹਨ, ਜੋ ਕਿ ਅਕਾਲੀ ਦਲ ਲਈ ਇੱਕ ਪ੍ਰੇਸ਼ਾਨੀ ਭਰਾ ਸਮਾਂ ਜ਼ਰੂਰ ਖੜ੍ਹਾ ਕਰਦੇ ਹੋਏ ਦਿਖਾਈ ਦੇ ਰਹੇ ਹਨ।