ਸੰਗਰੂਰ: ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਲਹਿਰਾਗਾਗਾ ਵਿਖੇ ਕੋਰੋਨਾ ਵਾਇਰਸ ਦੇ ਵੱਧ ਰਹੇ ਦੇ ਪ੍ਰਕੋਪ ਦੇ ਮੱਦੇਨਜ਼ਰ ਬੀਤੇ ਐਤਵਾਰ ਦੀ ਸ਼ਾਮ ਇਥੋਂ ਐਸਡੀਐਮ ਜੀਵਨਜੋਤ ਕੌਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨਿਕ ਅਦਾਰੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਇਸ ਬੈਠਕ ਤੋਂ ਬਾਅਦ ਐਸਡੀਐਮ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਬਾਰੇ ਦੱਸਦੇ ਹੋਏ ਕਸਬਾ ਲਹਿਰਾਗਾਗਾ ਦੀ ਐਸਡੀਐਮ ਜੀਵਨਜੋਤ ਕੌਰ ਨੇ ਦੱਸਿਆ ਕਿ ਕੋਵਿਡ-19 ਤੋਂ ਬਚਾਅ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਲਈ ਆਮ ਲੋਕਾਂ ਤੇ ਦੁਕਾਨਦਾਰਾ ਲਈ ਸਮੇਂ -ਸਮੇਂ 'ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਜਾਰੀ ਕੀਤੀ ਹਦਾਇਤਾਂ ਮੁਤਾਬਕ ਦੁਕਾਨਾਂ, ਸ਼ਾਪਿੰਗ ਮਾਲ ਤੇ ਹੋਰਨਾਂ ਜਨਤਕ ਥਾਵਾਂ ਉੱਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਜਾ ਰਹੇ ਉਪਾਰਲੇ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਦੁਕਾਨਦਾਰਾਂ ਲਈ ਨਵੀਂਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਦੁਕਾਨਦਾਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਦੁਕਾਨਾਂ ਵਿੱਚ 4 ਤੋਂ ਵੱਧ ਗਾਹਕ ਇੱਕਠੇ ਨਾ ਹੋਣ। ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਮਾਸਕ ਪਾ ਕੇ ਰੱਖਿਆ ਜਾਵੇ। ਹਰ ਗਾਹਕ ਨੂੰ 10 ਮਿੰਟ ਤੋਂ ਜ਼ਿਆਦਾ ਤੱਕ ਦੁਕਾਨ 'ਚ ਨਾ ਰਹਿਣ ਦਿੱਤਾ ਜਾਵੇ।
ਉਕਤ ਥਾਵਾਂ 'ਤੇ ਜੇਕਰ ਕੋਈ ਵਿਅਕਤੀ ਬਿਨਾ ਮਾਸਕ ਤੋਂ ਪਾਇਆ ਜਾਂਦਾ ਹੈ ਕਿ ਤਾਂ ਉਸ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਟਲਾਂ, ਮੈਰਿਜ ਪੈਲੇਸਾਂ, ਦੁਕਾਨਦਾਰ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਵੱਖਰੇ ਤੌਰ 'ਤੇ ਟੀਮਾਂ ਦਾ ਗਠਿਠ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਅਤੇ ਮੰਦਰ ਸਣੇ ਹੋਰਨਾਂ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਸੈਨੇਟਾਈਜ਼ ਦੀ ਵਰਤੋਂ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਵਾਉਣ ਦੀ ਅਪੀਲ ਕੀਤੀ ਗਈ ਹੈ।