ਸੰਗਰੂਰ: ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿਖੇ ਸਫ਼ਾਈ ਸੇਵਕਾਂ ਦੀ ਮੀਟਿੰਗ ਹੋਈ। ਇਹ ਮੀਟਿੰਗ ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਐਸਡੀਐਮ, ਖ਼ੁਰਾਕ ਤੇ ਸਪਲਾਈ ਵਿਭਾਗ, ਨਗਰ ਕੌਂਸਲ, ਸਿਹਤ ਵਿਭਾਗ ਤੇ ਹੋਰਨਾਂ ਕਈ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਫ਼ਾਈ ਸੇਵਕਾਂ ਦੀ ਮਦਦ ਲਈ ਪੰਜਾਬ ਸਫ਼ਾਈ ਕਮਿਸ਼ਨ ਦਾ ਗਠਨ ਕੀਤਾ ਹੈ। 3 ਮਾਰਚ ਨੂੰ ਉਨ੍ਹਾਂ ਵੱਲੋਂ 22 ਜ਼ਿਲ੍ਹਿਆ ਦੇ ਸਾਰੇ ਹੀ ਸਫ਼ਾਈ ਕਰਮਚਾਰੀਆਂ ਦੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਜਾਵੇਗੀ।
ਉਨ੍ਹਾਂ ਦੱਸਿਆ ਕਿ 5 ਮਾਰਚ ਨੂੰ ਇੱਕ ਵਰਕਸ਼ਾਪ ਲਗਾਈ ਜਾ ਰਹੀ ਹੈ, ਜਿਸ ਵਿੱਚ ਹਰ ਵਿਭਾਗ ਦੇ ਅਧਿਕਾਰੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਚੇਅਰਮੈਨ ਗੇਜਾ ਰਾਮ ਨੇ ਦਿਬੜਾ ਨਗਰ ਵਿਖੇ ਨਗਰ ਕੌਂਸਲ ਦੇ ਇੱਕ ਠੇਕੇਦਾਰ ਵੱਲੋਂ ਸਫ਼ਾਈ ਸੇਵਕਾਂ ਦੀਆਂ ਤਨਖ਼ਾਹਾਂ ਨੂੰ ਲੈ ਕੇ ਕੀਤੇ ਜਾ ਰਹੇ ਘੁਟਾਲੇ ਉੱਤੇ ਨੋਟਿਸ ਲੈਂਦਿਆਂ ਜਾਂਚ ਦੀ ਗੱਲ ਆਖੀ। ਠੇਕੇਦਾਰ ਵਿਰੁੱਧ ਰਿਪੋਰਟ ਦਰਜ ਕਰਨ ਮਗਰੋਂ ਠੇਕੇਦਾਰ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਗੇਜਾ ਰਾਮ ਨੇ ਦੱਸਿਆ ਕਿ ਉਕਤ ਠੇਕੇਦਾਰ ਉੱਤੇ ਸਫ਼ਾਈ ਸੇਵਕਾਂ ਨੂੰ ਡੀਸੀ ਰੇਟ ਤੋਂ ਵੀ ਘੱਟ ਤਨਖ਼ਾਹ ਦੇਣ ਦੇ ਦੋਸ਼ ਲਗਾਏ ਗਏ ਹਨ। ਚੇਅਰਮੈਨ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਫ਼ਾਈ ਸੇਵਕਾਂ ਦਾ ਮਾਣ ਸਤਿਕਾਰ ਕਾਇਮ ਰੱਖਣ, ਮੋਰਚਰੀ ’ਚ ਕੰਮ ਕਰਦੀਆਂ ਸਫ਼ਾਈ ਸੇਵਕਾਂ ਦੇ ਮਰਦਾਂ ਤੋਂ ਜੱਲਾਦ ਦਾ ਕੰਮ ਨਾ ਲੈਣ, ਸਰਕਾਰੀ ਕਾਨੂੰਨਾਂ ਦੀ ਪਾਲਣਾ ਕਰਨ, ਘੱਟੋ-ਘੱਟ ਉਜਰਤ ਡੀਸੀ ਵੱਲੋਂ ਤੈਅ ਕੀਤੇ ਰੇਟ ਮੁਤਾਬਕ ਦੇਣ ਤੇ ਸਫ਼ਾਈ ਸੇਵਕਾਂ ਦੀਆਂ ਮੰਗ ਪਹਿਲ ਦੇ ਆਧਾਰ ’ਤੇ ਹੱਲ ਕਰਨ, ਖਾਲ੍ਹੀ ਪਈਆਂ ਸਫ਼ਾਈ ਸੇਵਕਾਂ ਦੀ ਆਸਾਮੀਆਂ ਭਰਨ ਦੀ ਹਦਾਇਤ ਦਿੱਤੀ ਗਈ ਹੈ।