ਮਲੇਰਕੋਟਲਾ: ਰਾਏਕੋਟ ਰੋਡ 'ਤੇ ਬਣ ਰਹੇ ਅੰਡਰਬ੍ਰਿਜ ਦਾ ਸਥਾਨਕ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਸਥਾਨਕ ਲੋਕ ਅੰਡਰਬ੍ਰਿਜ ਦਾ ਕੰਮ ਬੰਦ ਕਰਵਾਉਣ ਲਈ ਜੇਸੀਬੀ ਮਸ਼ੀਨ ਅੱਗੇ ਬੈਠ ਗਏ। ਲੋਕਾਂ ਦਾ ਕਹਿਣਾ ਹੈ ਕਿ ਉਹ ਮਰ ਜਾਣਗੇ ਪਰ ਇਹ ਅੰਡਰਬ੍ਰਿਜ ਨਹੀਂ ਬਣਨ ਦੇਣਗੇ।
ਦੱਸਣਯੋਗ ਹੈ ਕਿ ਤਿੰਨ ਸਾਲ ਪਹਿਲਾਂ ਇੱਥੇ ਇੱਕ ਓਵਰਬ੍ਰਿਜ ਬਣਾਇਆ ਗਿਆ ਸੀ। ਇਸ ਓਵਰਬ੍ਰਿਜ ਦੇ ਬਣਨ ਨਾਲ ਪਹਿਲਾ ਹੀ ਸਥਾਨਕ ਲੋਕ ਪਰੇਸ਼ਾਨ ਸਨ ਕਿਉਂਕਿ ਸ਼ਹਿਰ ਦਾ ਸਾਰਾ ਟ੍ਰੈਫਿਕ ਬ੍ਰਿਜ ਦੇ ਉਪਰ ਤੋਂ ਹੀ ਲੰਘ ਜਾਂਦਾ ਹੈ। ਇਸ ਨਾਲ ਉਨ੍ਹਾਂ ਦੇ ਕਾਰੋਬਾਰ 'ਤੇ ਫਰਕ ਪਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਜ਼ਮੀਨਾਂ ਮੰਹਿਗੇ ਦਾਮਾਂ 'ਤੇ ਖਰੀਦੀਆਂ ਸਨ ਪਰ ਅੱਜ ਇਸ ਓਵਰਬ੍ਰਿਜ ਤੇ ਅੰਡਰਬ੍ਰਿਜ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਕੋੜੀਆਂ ਦੇ ਭਾਅ 'ਚ ਵਿਕੇਗੀ।
ਸਥਾਨਕ ਲੋਕਾਂ ਨੇ ਕਿਹਾ ਕਿ ਓਵਰਬ੍ਰਿਜ ਬਣਨ ਕਾਰਨ ਉਹ ਤਾਂ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹਨ। ਅਜਿਹੇ 'ਚ ਜੇ ਅੰਡਰਬ੍ਰਿਜ ਵੀ ਇੱਥੇ ਬਣ ਜਾਵੇਗਾ ਤਾਂ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਨਾਲ ਠਪ ਹੋ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰਾਂ ਦੇ ਬਾਹਰ ਦੀ ਜਗ੍ਹਾਂ ਵੀ ਬਹੁਤ ਥੋੜੀ ਹੀ ਬਚੇਗੀ। ਸਥਾਨਕ ਲੋਕਾਂ ਨੇ ਕਿਹਾ ਕਿ ਉਹ ਇਹ ਅੰਡਰਬ੍ਰਿਜ ਨਹੀਂ ਬਣਨ ਦੇਣਗੇ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਇਥੋਂ ਅੰਡਰਬ੍ਰਿਜ ਦੀ ਉਸਾਰੀ ਨਾ ਕਰਨ। ਜੇ ਉਨ੍ਹਾਂ ਫਿਰ ਵੀ ਬ੍ਰਿਜ ਦਾ ਕੰਮ ਕਰਨਾ ਹੈ ਤਾਂ ਉਨ੍ਹਾਂ ਦੇ ਘਰਾਂ ਦੇ ਬਾਹਰ ਲੰਘਣ ਦੀ ਥਾਂ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਹੋਵੇ।