ਸੰਗਰੂਰ:ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਸਰਗਰਮ ਹੈ। ਇਸ ਦੌਰਾਨ ਜਿਥੇ ਇੱਕ ਪਾਸੇ ਪੰਜਾਬ ਸਰਕਾਰ ਨਿਰਪੱਖ ਚੋਣਾਂ ਕਰਵਾਉਣ ਦਾ ਦਾਅਵਾ ਕਰ ਰਹੀ ਹੈ, ਉਥੇ ਨਗਰ ਕੌਂਸਲ ਲਹਿਰਾਗਾਗਾ ਵੱਲੋਂ ਚੋਣਾਂ ਲਈ ਕੀਤੀ ਗਈ ਵਾਰਡਬੰਦੀ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਵਾਰਡਬੰਦੀ ਤੇ ਵੋਟਰ ਸੂਚੀਆਂ ਦੀ ਸੁਧਾਈ ਕੰਮ ਨੂੰ ਲੈ ਕੇ ਨਗਰ ਕੌਂਸਲ ਲਹਿਰਾਗਾਗਾ ਸ਼ੱਕ ਦੇ ਘੇਰੇ 'ਚ ਆ ਗਈ ਹੈ। ਸ਼ਹਿਰ ਦੇ ਸਾਬਕਾ ਕੌਂਸਲਰਾਂ ਨੇ ਵਾਰਡਬੰਦੀ ਨੂੰ ਲੈ ਕੇ ਗੜਬੜੀ ਤੇ ਕਾਂਗਰਸੀ ਆਗੂਆਂ 'ਤੇ ਕਈ ਦੋਸ਼ ਲਾਏ।
ਇਸ ਮੌਕੇ ਨਗਰ ਕੌਂਸਲ ਚੋਣਾਂ ਲੜਨ ਦੇ ਇਛੁੱਕ ਸਮਾਜ ਸੇਵੀ ਗੁਰੀ ਚਹਿਲ, ਸਾਬਕਾ ਕੌਂਸਲਰ ਠੇਕੇਦਾਰ ਜਗਦੀਸ਼ ਰਾਏ ਅਤੇ ਆਮ ਆਦਮੀ ਪਾਰਟੀ ਦੇ ਆਗੂ ਸ਼ੀਸ਼ਪਾਲ ਆਨੰਦ ਨੇ ਕਿਹਾ ਕਿ "ਵੋਟਰ ਸੂਚੀਆਂ ਦੀ ਸੁਧਾਈ" ਦੇ ਨਾਂਅ 'ਤੇ ਜਨਤਾ ਨੂੰ ਬੇਵਕੂਫ ਬਣਾਉਣ ਤੋਂ ਸਿਵਾਏ ਕੁੱਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫ਼ਸਰ ਵੱਲੋਂ ਵਾਰਡਾਂ ਅਤੇ ਘਰਾਂ ਵਿੱਚ ਜਾ ਕੇ ਵੋਟਰ ਸੂਚੀਆਂ ਦੀ ਸੁਧਾਈ ਨਹੀਂ ਕੀਤੀ ਗਈ। ਬਲਕਿ ਦਫਤਰਾਂ 'ਚ ਬੈਠ ਕੇ ਹੀ ਵੋਟਰ ਸੂਚੀਆਂ ਦੀ ਸੁਧਾਈ ਕਰ ਦਿੱਤੀ ਗਈ। ਇਸ ਤੋਂ ਇਲਾਵਾ ਮ੍ਰਿਤ ਲੋਕਾਂ ਦੇ ਨਾਂਅ ਵੀ ਵੋਟਰ ਸੂਚੀ ਤੋਂ ਨਹੀਂ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਉਨ੍ਹਾਂ ਲੋਕਾਂ ਦੇ ਨਾਂਅ ਵੀ ਸ਼ਾਮਲ ਹਨ, ਜਿਨ੍ਹਾਂ ਦੀ ਤਕਰੀਬਨ 1 ਤੋਂ ਡੇਝ ਸਾਲ ਤੋਂ ਪਹਿਲਾਂ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਨਗਰ ਕੌਂਸਲ ਵੱਲੋਂ ਕੀਤੀ ਗਈ ਨਵੀਂ ਵਾਰਡਬੰਦੀ ਨੂੰ ਗ਼ਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਰਡਬੰਦੀ ਦੌਰਾਨ ਕਈ ਗਲਤੀਆਂ ਕੀਤੀਆਂ ਗਈਆਂ ਹਨ। ਵੱਖ-ਵੱਖ ਇਲਾਕਿਆਂ ਦੇ ਲੋਕਾਂ ਦੀ ਰਿਹਾਇਸ਼ ਨੂੰ ਅਸਲ ਵਾਰਡਾਂ ਦੀ ਬਜਾਏ ਹੋਰਨਾਂ ਵਾਰਡਾਂ 'ਚ ਵਿਖਾਇਆ ਗਿਆ ਹੈ। ਇਸ ਦੇ ਕਾਰਨ ਲੋਕਾਂ ਨੂੰ ਵੋਟਰ ਲਿਸਟਾਂ ਚੋਂ ਆਪਣੇ ਵੋਟਾਂ ਲੱਭਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਬੂਥ ਪੱਧਰ ਤੇ ਵੱਖ ਵੱਖ ਵਾਰਡਾਂ ਦੀਆਂ ਸੂਚੀਆਂ 'ਚ ਪਾਈਆਂ ਗਈਆਂ ਵੋਟਾਂ ਦੀ ਜਾਣਕਾਰੀ ਹੀ ਨਹੀਂ ਦਿੱਤੀ ਗਈ। ਜੇਕਰ ਕਿਸੇ ਨੇ ਲਿਖਤੀ ਇਤਰਾਜ਼ ਵੀ ਕੀਤਾ ਤਾਂ ਸਬੰਧਿਤ ਵਿਅਕਤੀ ਨੂੰ ਬੁਲਾਏ ਬਿਨਾਂ ਹੀ ਉਸ ਦਾ ਫ਼ੈਸਲਾ ਕਰ ਦਿੱਤਾ ਗਿਆ। ਇੰਝ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਵੋਟਾਂ ਦੀ ਗਿਣਤੀ ਵਿੱਚ ਭਾਰੀ ਅੰਤਰ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਸੁਧਾਈ ਤੋਂ ਪਹਿਲਾਂ ਐਸਡੀਐਮ ਕਮ ਚੋਣ ਅਫਸਰ ਲਹਿਰਾਗਾਗਾ ਦੀ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿੱਚ ਅਸੀਂ ਮੰਗ ਕੀਤੀ ਸੀ ਕਿ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਬੀਐੱਲਓਜ ਵੱਲੋਂ ਪਾਰਟੀਆਂ ਦੀ ਦੇਖ ਰੇਖ 'ਚ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਸਡੀਐਮ ਅਧਿਕਾਰੀ ਵੱਲੋਂ ਵੋਟਰ ਸੂਚੀਆਂ ਪਾਰਦਰਸ਼ੀ ਤਰੀਕੇ ਨਾਲ ਤਿਆਰ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਉਸ ਮੁਤਾਬਕ ਵੋਟਰ ਸੂਚੀਆਂ ਤਿਆਰ ਨਹੀਂ ਹੋਇਆਂ। ਸ਼ਹਿਰ ਦੇ ਸਾਬਕਾ ਕੌਂਸਲਰਾਂ ਨੇ ਵਾਰਡਬੰਦੀ ਨੂੰ ਲੈ ਕੇ ਗੜਬੜੀ ਤੇ ਕਾਂਗਰਸੀ ਆਗੂਆਂ 'ਤੇ ਕਈ ਦੋਸ਼ ਲਾਏ। ਉਨ੍ਹਾਂ ਪ੍ਰਸ਼ਾਸਨ ਕੋਲੋਂ ਸਹੀ ਢੰਗ ਨਾਲ ਵਾਰਡਬੰਦੀ ਤੇ ਪਾਰਦਰਸ਼ੀ ਤਰੀਕੇ ਨਾਲ ਵੋਟਰ ਸੂਚੀਆਂ ਦਾ ਤਿਆਰ ਕਰਵਾਏ ਜਾਣ ਦੀ ਮੰਗ ਕੀਤੀ।