ਸੰਗਰੂਰ: ਧੂਰੀ 'ਚ ਇੱਕ ਕੁੜੀ ਵੱਲੋਂ ਵਿਆਹ ਕਰਵਾ ਕੇ ਮੁੰਡੇ ਨੂੰ ਆਸਟ੍ਰੇਲੀਆ ਲਿਜਾਣ ਦਾ ਝਾਂਸਾ ਦੇ ਕੇ ਉਸ ਤੋਂ ਲੱਖਾਂ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਪੀੜਤ ਮੁੰਡੇ ਦਾ ਨਾਂਅ ਅਨਮੋਲ ਗਰਗ ਹੈ। ਅਨਮੋਲ ਨੇ ਟੈਨਸ਼ਨ 'ਚ ਆ ਕੇ ਆਪਣਾ ਘਰ ਛੱਡ ਦਿੱਤਾ ਸੀ ਜਿਸ ਤੋਂ ਬਾਅਦ ਅਨਮੋਲ ਦੇ ਪਰਿਵਾਰ ਨੇ ਪੁਲਿਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਇਆਂ ਕੁੜੀ ਦੇ ਮਾਤਾ-ਪਿਤਾ ਨੂੰ ਹਿਰਾਸਤ 'ਚ ਲੈ ਲਿਆ ਹੈ।
ਐਤਵਾਰ ਨੂੰ ਮੁੜ ਪਰਤੇ ਅਨਮੋਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਪਤਨੀ ਨੇ ਧੋਖਾ ਦੇ ਕੇ ਲੱਖਾਂ ਦੀ ਠੱਗੀ ਕੀਤੀ ਹੈ। ਅਨਮੋਲ ਨੇ ਆਪਣੀ ਪਤਨੀ ਤੇ ਉਸ ਦੇ ਪਰਿਵਾਰ ਵਾਲਿਆਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਲੋਕ ਲਗਾਤਾਰ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਜਿਸ ਕਾਰਨ ਡਿਪਰੈਸ਼ਨ 'ਚ ਆ ਕੇ ਉਸ ਨੇ ਆਪਣਾ ਘਰ ਛੱਡ ਦਿੱਤਾ ਸੀ। ਅਨਮੋਲ ਨੇ ਕਿਹਾ, "ਮੈਂ ਬਹੁਤ ਡਿਪ੍ਰੈਸ਼ਨ 'ਚ ਹਾਂ, ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਉਸ ਔਰਤ ਤੇ ਉਸ ਦੇ ਮਾਂ-ਬਾਪ ਖਿਲਾਫ਼, ਜੋ ਮੈਨੂੰ ਧਮਕੀਆਂ ਦੇ ਰਹੇ ਹਨ, ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਅਨਮੋਲ ਦੀ ਮਾਤਾ ਨੇ ਕਿਹਾ ਕੀ ਇਸ ਪਰਿਵਾਰ ਨੇ ਸਾਡਾ ਸਾਰਾ ਕੁਝ ਲੁੱਟ ਲਿਆ ਹੈ ਅਤੇ ਹੁਣ ਵੀ ਜਾਨੋ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅਨਮੋਲ ਨੇ ਅਖ਼ਬਾਰ ਰਾਹੀਂ ਦਿੱਤੇ ਇਸ਼ਤਿਹਾਰ ਨਾਲ ਨਾਭਾ ਵਿਖੇ ਵਿਆਹ ਕਰਵਾਇਆ ਸੀ। ਕੁੜੀ ਨੇ ਅਨਮੋਲ ਨੂੰ ਆਸਟ੍ਰੇਲੀਆ ਲਿਜਾਣ ਦਾ ਝਾਂਸਾ ਦੇ ਕੇ ਉਸ ਤੋਂ ਲੱਖਾਂ ਰੁਪਏ ਵਸੂਲ ਕੀਤੇ ਤੇ ਫ਼ਿਰ ਜਦ ਉਹ ਕੁੜੀ ਆਸਟ੍ਰੇਲੀਆ ਪਹੁੰਚ ਗਈ ਤਾਂ ਉਸ ਨੇ ਅਨਮੋਲ ਨਾਲ ਆਪਣੇ ਸਾਰੇ ਰਿਸ਼ਤੇ ਖ਼ਤਮ ਕਰ ਲਏ।
ਐੱਸ.ਐੱਚ.ਓ. ਦਰਸ਼ਨ ਸਿੰਘ ਨੇ ਦੱਸਿਆ ਕਿ ਮੰਡੇ ਦੀ ਸ਼ਿਕਾਇਤ 'ਤੇ ਦੋਸ਼ੀਆਂ 'ਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਫ਼ਰਾਰ ਹਨ। ਉਨ੍ਹਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।