ਮਲੇਰਕੋਟਲਾ: ਸਮਾਜਸੇਵੀ ਅਤੇ ਵਾਤਾਵਰਣ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਦੀ ਅਗਵਾਈ ਹੇਠ ਕੰਮ ਕਰ ਰਹੀ ਸੰਸਥਾ ਕੇ.ਐੱਸ.ਚੈਰੀਟੇਬਲ ਟਰੱਸਟ ਵੱਲੋਂ ਸਥਾਨਕ ਪੁਲਿਸ ਦੀ ਮਦਦ ਨਾਲ ਸ਼ਹਿਰ 'ਚ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਮਲੇਰਕੋਟਲਾ ਦੇ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਤੋਂ ਲੈ ਕੇ ਟਰੱਕ ਯੂਨੀਅਨ ਚੌਂਕ ਤੱਕ ਬੂਟੇ ਲਗਾਏ ਗਏ ਹਨ।
ਐੱਸ.ਪੀ. ਮਨਜੀਤ ਸਿੰਘ ਬਰਾੜ ਅਤੇ ਇੰਦਰਜੀਤ ਸਿੰਘ ਮੁੰਡੇ ਵੱਲੋਂ ਸਾਂਝੇ ਤੌਰ 'ਤੇ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਸ਼ਹਿਰ ਦੀ ਦਿੱਖ ਨੂੰ ਹੋਰ ਵੀ ਖ਼ੂਬਸੂਰਤ ਬਨਾਉਣ ਦੇ ਲਈ ਇਹ ਮੁਹਿੰਮ ਕੇ.ਐਸ.ਚੈਰੀਟੇਬਲ ਸੰਸਥਾ ਵੱਲੋਂ ਸ਼ੁਰੂ ਕੀਤੀ ਗਈ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੌਕੇ ਪੁਲਿਸ ਮੁਲਾਜ਼ਮਾਂ ਵੱਲੋਂ ਖ਼ਾਸ ਕਰ ਮਹਿਲਾ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਇਹ ਬੂਟੇ ਲਗਾਏ ਗਏ ਹਨ। ਇਨ੍ਹਾਂ ਲਗਾਏ ਗਏ ਬੁਟਿਆਂ ਦੀ ਦੇਖ ਰੇਖ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਜਾਵੇਗੀ।
ਵਾਤਾਵਰਣ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਇਸ ਮਾਨਸੂਨ ਦੇ ਸੀਜ਼ਨ ਵਿੱਚ ਕਰੀਬ ਢਾਈ ਲੱਖ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰ ਚੁੱਕੀ ਹੈ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕੇ। ਪੀ.ਸੀ.ਆਰ. ਮਹਿਲਾ ਮੁਲਾਜ਼ਮਾਂ ਨੇ ਕਿਹਾ ਕੇ ਸਭ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ 'ਤੇ ਵੀ ਬੂਟੇ ਲਗਾਉਦੇ ਹਾਂ ਅਤੇ ਹੁਣ ਇਨ੍ਹਾਂ ਬੁਟਿਆਂ ਦੀ ਵੀ ਡਿਉਟੀ ਦੇ ਨਾਲ-ਨਾਲ ਦੇਖ ਭਾਲ ਕਰਾਂਗੇ।