ਸੰਗਰੂਰ: ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਵਾਂਗ ਮਲੇਰਕੋਟਲਾ ਵਿਖੇ ਵੀ ਸਸਤੀ ਦਵਾਈਆਂ ਵਾਲਾ ਗੁਰੂ ਨਾਨਕ ਦੇਵ ਮੋਦੀਖਾਨਾ ਖੋਲ੍ਹਿਆ ਗਿਆ ਹੈ। ਇਹ ਮੋਦੀਖਾਨਾ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਬਣਾਈ ਗਈ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਖੋਲ੍ਹਿਆ ਗਿਆ ਹੈ।
ਇਸ ਗੁਰੂ ਨਾਨਕ ਦੇਵ ਮੋਦੀਖਾਨਾ ਤਹਿਤ ਇੱਕ ਮੈਡੀਕਲ ਸਟੋਰ ਅਤੇ ਟੈਸਟ ਲੈਬ ਖੋਲ੍ਹੀ ਗਈ ਹੈ। ਇਸ ਦਾ ਉਦਘਾਟਨ ਸਮਾਜ ਸੇਵੀ ਬਲਜਿੰਦਰ ਸਿੰਘ ਜਿੰਦੂ ਅਤੇ ਇੰਤਕਾਲ ਉਲ ਹਸਨ ਵੱਲੋਂ ਕੀਤਾ ਗਿਆ।
ਇਸ ਮੌਕੇ ਬਲਜਿੰਦਰ ਸਿੰਘ ਜਿੰਦੂ ਨੇ ਮਲੇਰਕੋਟਲਾ ਦੇ ਲੋਕਾਂ ਨੂੰ ਮੋਦੀਖਾਨਾ ਖੋਲੇ ਜਾਣ 'ਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਮੋਦੀਖਾਨਾ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਹਿਰ ਵਾਸੀਆਂ ਦੀ ਮਦਦ ਲਈ ਖੋਲ੍ਹਿਆ ਹੈ। ਇਥੇ ਇੱਕ ਟੈਸਟ ਲੈਬ ਵੀ ਖੋਲ੍ਹੀ ਗਈ ਹੈ। ਉਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਜਿੰਦੂ ਨੇ ਆਖਿਆ ਕਿ ਇਥੇ ਮੋਦੀਖਾਨਾ ਖੁੱਲ੍ਹਣ ਨਾਲ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਸਸਤੀ ਦਵਾਈਆਂ ਉਪਲਬਧ ਹੋ ਸਕਣਗੀਆਂ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਲਾਭ ਮਿਲੇਗਾ। ਇਥੇ ਦੀ ਟੈਸਟ ਲੈਬ ਵਿੱਚ ਵੀ ਸਸਤੀਾਂ ਕੀਮਤਾਂ 'ਤੇ ਸਰੀਰਕ ਟੈਸਟ ਕੀਤੇ ਜਾਣਗੇ।
ਬਲਜਿੰਦਰ ਸਿੰਘ ਜਿੰਦੂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜੇਕਰ ਕਿਸੇ ਦਾ ਫਾਇਦਾ ਨਹੀਂ ਕਰ ਸਕਦੀ ਤਾਂ ਉਹ ਕਿਸੇ ਦੇ ਕੰਮ ਚ ਅੜਿੱਕਾ ਵੀ ਨਾ ਪਾਏ। ਉਨ੍ਹਾਂ ਕਿਹਾ ਸਰਕਾਰ ਖ਼ੁਦ ਜੇਕਰ ਲੋਕ ਭਲਾਈ ਲਈ ਕੰਮ ਨਹੀਂ ਕਰ ਰਹੀ ਤਾਂ ਸਮਾਜ ਸੇਵਾ ਕਰਨ ਵਾਲਿਆਂ ਨੂੰ ਪਰੇਸ਼ਾਨ ਨਾ ਕਰੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਇਸ ਮੌਕੇ ਦੁਕਾਨ ਦੇ ਮਾਲਕ ਨਾਸਿਰ ਮਲਿਕ ਨੇ ਦੱਸਿਆ ਕਿ ਹੁਣ ਮਹਿੰਗਾਈ ਦਿਨੋਂ-ਦਿਨ ਵੱਧ ਰਹੀ ਹੈ ਤੇ ਸਰਕਾਰਾਂ ਵੱਲੋਂ ਵੀ ਇਸ ਸਬੰਧੀ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਲੋਕਾਂ ਦਾ ਜੀਵਨ ਔਖਾ ਬਸਰ ਹੋ ਰਿਹਾ ਹੈ, ਇਸੇ ਮੱਦੇਨਜ਼ਰ ਹੀ ਉਨ੍ਹਾਂ ਵੱਲੋਂ ਮੋਦੀਖਾਨਾ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀਖਾਨਾ ਖੁੱਲ੍ਹ ਜਾਣ ਨਾਲ ਲੋਕਾਂ ਨੂੰ ਸਸਤੀ ਕੀਮਤ 'ਤੇ ਸਿਹਤ ਸੁਵਿਧਾਵਾਂ ਉਪਲਬਧ ਹੋ ਸਕਣਗੀਆਂ।