ਸੰਗਰੂਰ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ 40 ਦਿਨ ਹੋ ਚੁੱਕੇ ਹਨ। ਕਿਸਾਨਾਂ ਵੱਲੋਂ ਰੇਲ ਲਾਈਨਾਂ ਖਾਲੀ ਕੀਤੇ ਜਾਣ ਤੋਂ ਬਾਅਦ ਵੀ ਸਰਕਾਰ ਵੱਲੋਂ ਰੇਲ ਗੱਡੀਆਂ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਉਥੇ ਹੀ ਸੰਗਰੂਰ ਵਿੱਚ ਸੀਨੀਅਰ ਭਾਜਪਾ ਆਗੂ ਸਤਵੰਤ ਸਿੰਘ ਪੁਨੀਆ ਦੇ ਘਰ ਅੱਗੇ ਪਿਛਲੇ 27 ਦਿਨਾਂ ਤੋਂ ਟੈਂਟ ਲਗਾ ਕੇ ਦਿਨ-ਰਾਤ ਕਿਸਾਨਾਂ ਦਾ ਧਰਨਾ ਜਾਰੀ ਹੈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਭਾਜਪਾ ਆਗੂ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਤਾਂ ਜੋ ਉਹ ਇਨ੍ਹਾਂ ਖੇਤੀ ਕਾਨੂੰਨਾ ਨੂੰ ਰੱਦ ਕਰ ਦੇਣ। ਕਿਸਾਨਾਂ ਨੇ ਕਿਹਾ ਕਿ ਆਉਣ ਵਾਲੀ ਦੀਵਾਲੀ ਵਿੱਚ ਵੀ ਉਹ ਧਰਨੇ 'ਤੇ ਬੈਠੇ ਰਹਿਣਗੇ, ਕੋਈ ਵੀ ਕਿਸਾਨ ਧਰਨਾ ਛੱਡਣ ਲ਼ਈ ਤਿਆਰ ਨਹੀਂ ਹੈ ਅਤੇ ਇਸ ਲਈ ਇਹ ਦੀਵਾਲੀ ਕਾਲੀ ਦੀਵਾਲੀ ਵਾਂਗ ਹੈ।
ਇਸ ਬਾਰੇ ਭਾਜਪਾ ਆਗੂ ਸਤਵੰਤ ਸਿੰਘ ਪੁਨੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਅਤੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰ ਰਹੇ ਹਨ। ਸਤਵੰਤ ਪੂਨੀਆ ਨੇ ਕਿਹਾ ਕਿ ਘਰ ਦੇ ਅੱਗੇ ਧਰਨਾ ਦੇਣਾ ਕੋਈ ਹੱਲ ਨਹੀਂ ਹੈ ਜੋ ਵੀ ਹੱਲ ਨਿਕਲੇਗਾ ਉਹ ਬੈਠ ਕੇ ਹੀ ਨਿਕਲੇਗਾ ਇਸ ਲਈ ਕਿਸਾਨਾਂ ਨੂੰ ਧਰਨਾ ਚੁੱਕ ਲੈਣਾ ਚਾਹੀਦਾ ਹੈ ਕਿਉਂਕਿ ਇਸ ਧਰਨੇ ਨੂੰ ਕਰੀਬ 27 ਦਿਨ ਤੋਂ ਉੱਪਰ ਹੋ ਗਏ ਹਨ ਕੇਂਦਰ ਸਰਕਾਰ ਵੀ ਮੀਟਿੰਗ ਲਈ ਤਿਆਰ ਹੈ ਇਸ ਲਈ ਧਰਨਾ ਚੁੱਕ ਲੈਣਾ ਚਾਹੀਦਾ ਹੈ।