ਸੰਗਰੂਰ: ਪਿੰਡ ਗਾਗੜਪੁਰ ਨੇੜੇ ਨਾਲੇ ਦੀ ਸਫਾਈ ਨੂੰ ਲੈ ਕੇ ਚਿੰਤਤ ਕਿਸਾਨਾਂ ਨੇ ਕੈਪਟਨ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਡਰੇਨਾਂ ਦੀ ਸਫਾਈ ਨੂੰ ਲੈ ਕੇ ਰੋਜ਼ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰਦੇ ਹਨ ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਹੁਣ ਹਾਲਾਤ ਅਜਿਹੇ ਹਨ ਕਿ ਕਿਸਾਨ ਖ਼ੁਦ ਹੀ ਪੈਸਾ ਇੱਕਠਾ ਕਰਕੇ ਡਰੇਨਾਂ ਦੀ ਸਫਾਈ ਕਰਵਾ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਇਸ ਨਾਲੇ ਵਿੱਚ ਮੀਂਹ ਦੇ ਪਾਣੀ ਕਾਰਨ ਉਨ੍ਹਾਂ ਦੀ ਸੈਂਕੜੇ ਏਕੜ ਫਸਲ ਬਰਬਾਦ ਹੋ ਜਾਂਦੀ ਹੈ ਪਰ ਹਰ ਬਾਰ ਪ੍ਰਸ਼ਾਸਨ ਇਸ ਲਈ ਕੁਝ ਨਹੀਂ ਕਰਦਾ। ਇਸ ਵਾਰ ਵੀ ਉਹ ਕਈ ਵਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲ ਚੱਕਰ ਲਗਾ ਚੁੱਕੇ ਹਨ ਪਰ ਕੋਈ ਵੀ ਅਧਿਕਾਰੀ ਇਸ ਦੇ ਜਾਇਜ਼ਾ ਲੈਣ ਲਈ ਨਹੀਂ ਆਇਆ।
ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਖੁਦ ਹੀ ਪੈਸੇ ਇੱਕਠੇ ਕਰ ਜੇਸੀਬੀ ਮਸ਼ੀਨ ਦਾ ਇੰਤਜ਼ਾਮ ਕੀਤਾ ਤੇ ਹੁਣ ਬਰਸਾਤੀ ਨਾਲੇ ਵਿੱਚ ਲਗੀ ਅੰਗੂਰੀ ਬੂਟੀ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਬਚੇ ਹਨ ਕਿ ਉਹ ਅੱਗੇ ਦੀ ਸਫ਼ਾਈ ਕਰਵਾ ਸਕਣ। ਇਸ ਲਈ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਬੇਨਤੀ ਕੀਤੀ ਹੈ ਕਿ ਜੇਸੀਬੀ ਮਸ਼ੀਨ ਲਗਾ ਕੇ ਡਰੇਨਾਂ ਦੀ ਸਫਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੀਂਹ ਤੋਂ ਪਹਿਲਾ ਜੇ ਇਹ ਸਫਾਈ ਨਾ ਕੀਤੀ ਗਈ ਤਾਂ ਇਥੇ ਹੜ੍ਹ ਵੀ ਆ ਸਕਦਾ ਹੈ।