ਚੰਡੀਗੜ੍ਹ: ਈਡੀ ਵੱਲੋਂ ਅਮਰਗੜ੍ਹ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਦੇ ਠਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਬੈਂਕ ਘੁਟਾਲੇ ਸਬੰਧੀ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਵਿੱਚ ਕਰੀਬ 40 ਕਰੋੜ ਰੁਪਏ ਦਾ ਕਰਜ਼ਾ ਬੈਂਕ ਤੋਂ ਲੈਣ ਸਬੰਧੀ ਜਾਣਕਾਰੀ ਹਾਸਿਲ ਹੋਈ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਈਡੀ ਵੱਲੋਂ ਇਹ ਛਾਪੇਮਾਰੀ ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀਆਂ ਵਿੱਚ ਕੀਤੀ ਗਈ ਹੈ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਟੀਮ ਵਿਧਾਇਕ ਦੇ ਕਰੀਬੀ 12 ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਈਡੀ ਵਲੋਂ ਕੀਤੀ ਗਈ ਇਹ ਰੇਡ ਕਰੀਬ 14 ਘੰਟੇ ਤੱਕ ਚੱਲੀ। ਜਿਸ ਦੌਰਾਨ ਈਡੀ ਨੇ 32 ਲੱਖ ਰੁਪਏ ਨਕਦ ਬਰਾਮਦ ਕੀਤੇ ਹਨ। ਜਿਸ ਨੂੰ ਈਡੀ ਆਪਣੇ ਨਾਲ ਲੈ ਗਈ। ਇਸ ਤੋਂ ਇਲਾਵਾ ਗੱਜਣਮਾਜਰਾ ਅਤੇ ਉਸ ਦੇ ਭਰਾ ਦਾ ਮੋਬਾਈਲ ਵੀ ਈਡੀ ਨੇ ਕਬਜ਼ੇ ਵਿੱਚ ਲੈ ਲਿਆ ਹੈ। ਈਡੀ ਨੇ ਉਸ ਦੇ ਘਰ, ਸਕੂਲ ਅਤੇ ਫੈਕਟਰੀ ਤੋਂ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਹਨ।
ਇਸ ਦੇ ਨਾਲ ਹੀ ਵਿਧਾਇਕ ਜਸਵੰਤ ਗੱਜਣਮਾਜਰਾ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਵਿੱਚ ਨਹੀਂ ਆਉਣਗੇ। ਉਨ੍ਹਾਂ ਕੋਲੋਂ ਬਰਾਮਦ ਹੋਈ ਰਕਮ ਕਾਰੋਬਾਰ ਦੀ ਅਦਾਇਗੀ ਸੀ। ਘਰ ਵਿੱਚ ਅਕਸਰ ਨਕਦੀ ਪਈ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਉਹ ਈਡੀ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ। 14 ਅਧਿਕਾਰੀਆਂ ਨੇ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ। ਈਡੀ ਅਧਿਕਾਰੀਆਂ ਨੇ ਵਿਧਾਇਕ ਗੱਜਣਮਾਜਰਾ ਅਤੇ ਭਰਾ ਦੇ ਬਿਆਨ ਵੀ ਦਰਜ ਕੀਤੇ।
ਕਾਬਿਲੇਗੌਰ ਹੈ ਕਿ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਅਤੇ ਕਾਰੋਬਾਰ 'ਤੇ ਸੀਬੀਆਈ ਨੇ ਸਭ ਤੋਂ ਪਹਿਲਾਂ ਛਾਪਾ ਮਾਰਿਆ ਸੀ। ਸੀਬੀਆਈ ਨੇ 94 ਦਸਤਖਤ ਕੀਤੇ ਖਾਲੀ ਚੈੱਕ, ਕਰੀਬ 16.57 ਲੱਖ ਨਕਦ, ਵਿਦੇਸ਼ੀ ਕਰੰਸੀ, ਜਾਇਦਾਦ ਦੇ ਕਾਗਜ਼ਾਤ ਆਦਿ ਨਾਲ ਲੈ ਗਈ ਸੀ। ਇਹ ਰਿਕਵਰੀ ਬੈਂਕ ਫਰਾਡ ਦੇ ਮਾਮਲੇ 'ਚ ਹੋਈ ਸੀ। ਜਿਸ ਵਿੱਚ 2011 ਤੋਂ 2014 ਦਰਮਿਆਨ ਵਿਧਾਇਕ ਨੇ ਬੈਂਕ ਤੋਂ 4 ਕਿਸ਼ਤਾਂ ਵਿੱਚ ਕਰਜ਼ਾ ਲਿਆ ਸੀ। ਇਹ ਕਰਜ਼ਾ ਕਰੀਬ 40.92 ਕਰੋੜ ਸੀ। ਬੈਂਕ ਦੀ ਲੁਧਿਆਣਾ ਸ਼ਾਖਾ ਨੇ ਇਸ ਦੀ ਸ਼ਿਕਾਇਤ ਸੀ.ਬੀ.ਆਈ. ਨੂੰ ਕੀਤੀ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਗੱਜਣਮਾਜਰਾ ਨੇ ਜਿਸ ਮੰਤਵ ਲਈ ਕਰਜ਼ਾ ਲਿਆ ਸੀ, ਉਸ ਦੀ ਬਜਾਏ ਕਿਸੇ ਹੋਰ ਥਾਂ ’ਤੇ ਵਰਤਿਆ ਗਿਆ।
'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਉਸ ਸਮੇਂ ਸੁਰਖੀਆਂ 'ਚ ਆ ਗਏ ਸਨ, ਜਦੋਂ ਉਨ੍ਹਾਂ ਨੇ ਸਿਰਫ 1 ਰੁਪਏ ਤਨਖਾਹ ਲੈਣ ਦਾ ਐਲਾਨ ਕੀਤਾ ਸੀ। ਗੱਜਣਮਾਜਰਾ ਨੇ ਕਿਹਾ ਸੀ ਕਿ ਪੰਜਾਬ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਮੈਂ ਵਿਧਾਇਕ ਵਜੋਂ 1 ਰੁਪਏ ਤਨਖਾਹ ਲਵਾਂਗਾ। ਚੋਣ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਸੀ।
ਇਹ ਵੀ ਪੜੋ: ਪੀਆਰਟੀਸੀ ਡਰਾਈਵਰ ਦੀ ਮੌਤ, ਗੇਟ ਉੱਤੇ ਲਾਸ਼ ਰੱਖ ਕੇ ਬੱਸ ਅੱਡਾ ਕੀਤਾ ਬੰਦ