ਲਹਿਰਾਗਾਗਾ: ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਰਹਿਣ ਵਾਲੇ ਦਲਿਤ ਨੌਜਵਾਨ ਦੀ ਮੌਤ ਦਾ ਮਾਮਲਾ ਭੱਖਦਾ ਜਾ ਰਿਹ ਹੈ। ਇਸ ਦੇ ਚਲਦੇ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਸੰਗਰੂਰ ਦੇ ਐੱਸਐੱਸਪੀ ਨੇ ਕਤਲ ਦੀ ਧਾਰਾ ਜੋੜੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਸ਼ੀਆਂ ਵਿਰੁੱਧ ਅਗਵਾ, ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਦੇ ਨਾਲ ਨਾਲ ਐੱਸਸੀਐੱਸਟੀ (ਅਤਿਆਚਾਰ ਰੋਕਥਾਮ ਐਕਟ) ਦੀ ਧਾਰਾ ਤਹਿਤ ਲਹਿਰਾ ਪੁਲਿਸ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ।
ਲੋਕਾਂ ਦਾ ਫੁੱਟਿਆ ਗੁੱਸਾ
ਦੱਸਣਯੋਗ ਹੈ ਕਿ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਸਮੇਤ ਕਈ ਸੰਸਥਾਵਾਂ ਤੇ ਕਈ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਧਰਨੇ ਵਿੱਚ ਕਈ ਸਿਆਸੀ ਆਗੂ ਵੀ ਆ ਕੇ ਆਪਣਾ ਸਮਰਥਨ ਦੇ ਰਹੇ ਹਨ।
ਰੋਸ ਮੁਜ਼ਾਹਰਾਕਾਰੀ ਪੀੜਤ ਦਲਿਤ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਜਗਮੇਲ ਸਿੰਘ ਦੀ ਵਿਧਵਾ ਨੂੰ ਪੈਨਸ਼ਨ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਪ੍ਰਦਰਸ਼ਨਕਾਰੀਆਂ ਨੇ ਪਰਿਵਾਰ ਦੇ ਮੁਆਵਜ਼ੇ ਦੀ ਮੰਗ ਦੇ ਨਾਲ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਡਾ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ, ਜਿਨ੍ਹਾਂ ਸਮੇਂ ਤੱਕ ਮੰਗਾਂ ਪੂਰੀਆਂ ਨਹੀਂ ਮੰਨਿਆ ਜਾਂਦੀਆਂ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਥੋਂ ਤੱਕ ਨਾ ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਹੋਵੇਗਾ ਅਤੇ ਨਾ ਹੀ ਸੰਸਕਾਰ ਕੀਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ ?
37 ਸਾਲਾ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਉਸੀ ਦੇ ਪਿੰਡ ਦੇ 4 ਵਿਅਕਤੀਆਂ ਵੱਲੋਂ ਤਿੰਨ ਘੰਟੇ ਤੱਕ ਬੰਨ੍ਹ ਕੇ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਕੁੱਟਿਆ ਸੀ। ਇੰਨ੍ਹਾ ਹੀ ਨਹੀਂ ਬਲਕਿ ਕਥਿਤ ਦੋਸ਼ੀਆਂ ਨੇ ਪੀੜਤ ਦੀਆਂ ਲੱਤਾਂ ਦਾ ਮਾਸ ਪਲਾਸ ਨਾਲ ਵੀ ਨੋਚਿਆ ਅਤੇ ਪਾਣੀ ਮੰਗਣ 'ਤੇ ਉਸ ਨੂੰ ਬਾਥਰੂਮ ਵਿੱਚੋਂ ਲਿਆ ਕੇ ਪਿਸ਼ਾਬ ਪਿਲਾਇਆ ਸੀ। ਇਸ ਦੌਰਾਨ ਚੰਡੀਗੜ੍ਹ ਪੀਜੀਆਈ ਹਸਪਤਾਲ ਵਿੱਚ ਪੀੜਤ ਦੀ ਮੌਤ ਹੋ ਗਈ ਸੀ।ਪੁਲਿਸ ਨੇ ਚਾਰ ਕਥਿਤ ਮੁਲਜ਼ਮਾਂ ਰਿੰਕੂ, ਅਮਰਜੀਤ ਸਿੰਘ, ਲੱਕੀ ਉਰਫ਼ ਗੋਲੀ ਤੇ ਬੀਟਾ ਉਰਫ਼ ਬਿੰਦਰ ਖਿਲਾਫ ਮਾਮਲਾ ਦਰਜ ਕਰ ਕਾਬੂ ਕਰ ਲਿਆ ਹੈ।