ਸੰਗਰੂਰ: ਪਿੰਡ ਭਗਵਾਨਪੁਰ 'ਚ 2 ਸਾਲਾ ਬੱਚਾ ਫ਼ਤਿਹਵੀਰ ਨੂੰ ਬੋਰਵੈਲ 'ਚ ਕੱਢਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬੋਰਵੈਲ 'ਚ ਡਿੱਗਿਆਂ 60 ਘੰਟੇ ਹੋ ਗਏ ਹਨ ਤੇ ਉਸ ਨੂੰ ਬਚਾਉਣ ਲਈ ਪੂਰੀ ਜਦੋ-ਜਹਿਦ ਨਾਲ ਬਚਾਅ ਕਾਰਜ ਜਾਰੀ ਹੈ, ਪਰ ਹਾਲੇ ਵੀ ਬੱਚੇ ਨੂੰ ਬਾਹਰ ਕੱਢਣ 'ਚ ਸਮਾਂ ਲੱਗੇਗਾ।
ਪਰਿਵਾਰ ਦਾ ਹੌਂਸਲਾ ਵਧਾਉਣ ਲਈ ਕੈਬਿਨੇਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਸ਼ਾਸਨ ਵੱਲੋਂ ਬੋਰ ਦੇ ਨਾਲ ਹੀ ਇਕ ਹੋਰ ਬੋਰ ਬਣਾਇਆ ਜਾ ਰਿਹਾ ਹੈ, ਤਾਂ ਜੋ ਬੱਚੇ ਨੂੰ ਉਸ ਰਾਹੀਂ ਸਹੀ ਸਲਾਮਤ ਬਾਹਰ ਕੱਢਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਲਗਭਗ 200 ਫੁੱਟ ਡੂੰਘੇ ਬੋਰਵੈਲ 'ਚ ਫਤਿਹਵੀਰ ਡਿੱਗ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬੱਚੇ ਨੂੰ ਕੱਢਣ ਲਈ ਲਗਾਤਾਰ ਬਚਾਅ ਕਾਰਜ ਜਾਰੀ ਹੈ।
ਦੱਸ ਦਈਏ, ਸੰਸਦ ਮੈਂਬਰ ਭਗਵੰਤ ਮਾਨ ਤੇ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਬੱਚੇ ਦੀ ਸਥਿਤੀ ਦਾ ਜਾਇਜ਼ਾ ਲੈਣ ਤੇ ਪਰਿਵਾਰ ਵਾਲਿਆਂ ਨੂੰ ਹੌਂਸਲਾ ਦੇਣ ਲਈ ਸੁਨਾਮ ਪਹੁੰਚੇ। ਉਨ੍ਹਾਂ ਕਿਹਾ ਕਿ SGPC ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਪਰਿਵਾਰ ਨੂੰ ਦਿੱਤਾ ਜਾਵੇਗਾ। ਅਸੀਂ ਅਰਦਾਸ ਕਰਦੇ ਹਾਂ ਕਿ ਬੱਚਾ ਸਹੀ ਸਲਾਮਤ ਬਾਹਰ ਨਿਕਲ ਆਵੇ।