ਸੰਗਰੂਰ: ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਪ੍ਰਦਰਸ਼ਨਕਾਰੀਆਂ ਵੱਲੋਂ 6 ਵਾਰ ਮਲੇਰਕੋਟਲਾ ਵਿਖੇ ਬੰਦ ਦਾ ਐਲਾਨ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਵੱਲੋਂ ਬੰਦ ਦਾ ਐਲਾਨ ਕੀਤੇ ਜਾਣ ਤੋਂ ਨਰਾਜ਼ ਭਾਜਪਾ ਵਰਕਰਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ।
ਭਾਜਪਾ ਨੇ ਆਪਣੇ ਮੰਗ ਪੱਤਰ 'ਚ ਬੰਦ ਕਾਰਨ ਆਮ ਲੋਕਾਂ ਦਾ ਜਨ-ਜੀਵਨ ਤੇ ਆਵਾਜਾਈ ਪ੍ਰਭਾਵਤ ਹੋਣ ਦੀ ਗੱਲ ਆਖੀ। ਭਾਜਪਾ ਆਗੂਆਂ ਨੇ ਕਿਹਾ ਕਿ ਸੀਏਏ ਦਾ ਵਿਰੋਧ ਕਰਨ ਲਈ ਹੁਣ ਤੱਕ 6 ਵਾਰ ਮਲੇਰਕੋਟਲਾ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਬੰਦ ਕਾਰਨ ਵਪਾਰੀਆਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਤੇ ਆਮ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਲਈ ਉਨ੍ਹਾਂ ਨੇ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਆਖਿਆ ਕਿ ਵਿਰੋਧ ਤੋਂ ਇਲਾਵਾ ਭਾਜਪਾ ਵਰਕਰਾਂ ਦੀ ਰੇਕੀ ਵੀ ਕੀਤੀ ਜਾ ਰਹੀ ਹੈ। ਜਿਸ ਕਾਰਨ ਲੋਕਾਂ ਤੇ ਭਾਜਪਾ ਵਰਕਰਾਂ 'ਚ ਡਰ ਤੇ ਦਹਿਸ਼ਤ ਦੇ ਮਹੌਲ 'ਚ ਹਨ ਤਾਂ ਜੋ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਉਨ੍ਹਾਂ ਆਖਿਆ ਕਿ ਇਸ ਦੇ ਲਈ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ। ਉਹ ਆਸ ਕਰਦੇ ਹਨ ਕਿ ਜਲਦ ਤੋਂ ਜਲਦ ਇਸ ਮੁੱਦੇ 'ਤੇ ਐਕਸ਼ਨ ਲਿਆ ਜਾਵੇਗਾ ਤਾਂ ਜੋ ਮਲੇਰਕੋਟਲਾ ਨੂੰ ਵਾਰ-ਵਾਰ ਬੰਦ ਹੋਣ ਤੋਂ ਰੋਕਿਆ ਜਾ ਸਕੇ।