ਸੰਗਰੂਰ: ਕੈਪਟਨ ਸਰਕਾਰ ਵੱਲੋਂ ਪੰਜਾਬ ਦਾ ਬਜਟ ਪੇਸ਼ ਕੀਤੇ ਜਾਣ ਮਗਰੋਂ ਸਾਂਸਦ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਬਜਟ ਨੂੰ ਗੈਰ ਲੋਕ-ਪੱਖੀ ਦੱਸਦੇ ਹੋਏ ਪੂਰੀ ਤਰ੍ਹਾਂ ਨਕਾਰਾਤਮਕ ਦੱਸਿਆ ਹੈ।
ਬਿਨ੍ਹਾਂ ਮਿਆਦ ਦੇ ਵੀਜ਼ੇ ਤੋਂ ਘੁੰਮ ਰਹੀ ਮੁੱਖ ਮੰਤਰੀ ਦੀ ਚਹੇਤੀ ਆਰੂਸਾ: ਭਗਵੰਤ ਮਾਨ
ਭਗਵੰਤ ਮਾਨ ਨੇ ਕਿਹਾ ਕਿ ਜੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆ 'ਤੇ ਮਹਿਜ 6 ਘੰਟਿਆਂ ਅੰਦਰ ਅੱਤਵਾਦੀ ਬਣਨ ਦਾ ਦੋਸ਼ ਲਾਇਆ ਜਾ ਸਕਦਾ ਹੈ ਤਾਂ ਮੁੱਖ ਮੰਤਰੀ ਦੀ ਦੋਸਤ ਨੂੰ ਲੈ ਕੇ ਵੀ ਸਵਾਲ ਚੁੱਕੇ ਜਾਣੇ ਚਾਹੀਦੇ ਹਨ। ਜੇ ਉਨ੍ਹਾਂ ਵੱਲੋਂ ਇਹ ਸਵਾਲ ਚੁੱਕਿਆ ਗਿਆ ਤਾਂ ਇਸ ਨੂੰ ਗ਼ਲਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਮੌਜੂਦਾ ਸਮੇਂ 'ਚ ਪਾਕਿਸਤਾਨ ਤੋਂ ਭਾਰਤ ਲਈ ਸ਼ਹਿਰਾਂ ਮੁਤਾਬਕ ਵੀਜ਼ਾ ਦਿੱਤਾ ਜਾਂਦਾ ਹੈ। ਜਦਕਿ ਮੁੱਖ ਮੰਤਰੀ ਦੀ ਦੋਸਤ ਵੱਖ-ਵੱਖ ਸੂਬਿਆਂ ਸਣੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਘੁੰਮਦੀ ਹੈ, ਉਨ੍ਹਾਂ ਕੋਲੋਂ ਕਿਸੇ ਤਰ੍ਹਾਂ ਦੀ ਪੁੱਛਗਿੱਛ ਕਿਉ ਨਹੀਂ ਕੀਤੀ ਜਾਂਦੀ।
ਬਿਨ੍ਹਾਂ ਵਿਕਾਸ ਦੇ ਕਿਵੇਂ ਖਾਲ੍ਹੀ ਹੋਇਆ ਖ਼ਜ਼ਾਨਾ: ਭਗਵੰਤ ਮਾਨ
ਭਗਵੰਤ ਮਾਨ ਨੇ ਇਸ ਬਜਟ ਨੂੰ ਪੂਰੀ ਤਰ੍ਹਾਂ ਨਕਾਰਾਤਮਕ ਤੇ ਲੋਕ ਵਿਰੋਧੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਤਿੰਨ ਸਾਲਾਂ ਤੋਂ ਪੰਜਾਬ ਸਰਕਾਰ ਖ਼ਜਾਨਾ ਖਾਲ੍ਹੀ ਹੋਣ ਦੀ ਗੱਲ ਕਹਿ ਰਹਿ ਹੈ। ਉਨ੍ਹਾਂ ਕੈਪਟਨ ਸਰਕਾਰ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਸੂਬੇ 'ਚ ਵਿਕਾਸ ਕਾਰਜ ਨਹੀਂ ਕੀਤੇ ਗਏ, ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ, ਮੁਲਾਜ਼ਮਾਂ ਨੂੰ ਤਨਖ਼ਾਹ, ਡੀਏ ਕਿਸ਼ਤਾਂ, ਪੈਨਸ਼ਨਾਂ ਆਦਿ ਨਹੀਂ ਦਿੱਤੀਆਂ ਗਈਆਂ ਤਾਂ ਖ਼ਜਾਨਾ ਖਾਲ੍ਹੀ ਕਿਵੇਂ ਹੋ ਸਕਦਾ ਹੈ। ਇਹ ਪੈਸਾ ਕਿਥੇ ਜਾ ਰਿਹਾ ਹੈ ਜੋ ਕਿ ਸਮਝ ਤੋਂ ਪਰੇ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਨੂੰ ਖ਼ਰਾਬ ਦੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਮੰਤਰੀਆਂ ਤੇ ਜਨਤਾ ਦੀ ਕਦੇ ਸਾਰ ਨਹੀਂ ਲਈ।
ਅਕਾਲੀ ਦਲ ਬਾਦਲ ਦਾ ਨਹੀਂ ਕੋਈ ਵਜੂਦ: ਭਗਵੰਤ ਮਾਨ
ਇਸ ਤੋਂ ਇਲਾਵਾ ਭਗਵੰਤ ਮਾਨ ਨੇ ਅਕਾਲੀ ਦਲ ਬਾਦਲ ਦੀ ਹੋਂਦ ਨੂੰ ਪੰਜਾਬ 'ਚ ਪੂਰੀ ਤਰ੍ਹਾਂ ਖ਼ਤਮ ਹੁੰਦੇ ਹੋਏ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਖਿਲਰ ਚੁੱਕਾ ਹੈ। "ਆਪ " 'ਤੇ ਟਿੱਪਣੀ ਕਰਨ ਵਾਲੇ ਅਕਾਲੀ ਦਲ ਬਾਦਲ ਦਾ ਪੰਜਾਬ 'ਚ ਹੁਣ ਕੋਈ ਵਜੂਦ ਨਹੀਂ ਰਿਹਾ। ਉਨ੍ਹਾਂ ਕਿਹਾ, "ਮੈਂ ਪਹਿਲਾਂ ਹੀ ਕਿਹਾ ਸੀ ਕਿ ਸਾਲ 1920 'ਚ ਸ਼ੁਰੂ ਹੋ ਕੇ 2020 'ਚ ਖ਼ਤਮ ਹੋ ਜਾਵੇਗਾ।"